ਕਿਸ਼ਨਪੁਰਾ ਕਲਾਂ, 4 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਦੇ ਹੋਣਹਾਰ ਨੌਜਵਾਨ ਡਾ. ਦਿਲਰਾਜਦੀਪ ਸਿੰਘ ਤੂਰ ਸਪੁੱਤਰ ਮਾਸਟਰ ਸੁਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਮੋਗਾ ਵਿਖੇ ਪੀ.ਸੀ.ਐਮ.ਐਸ. ਅਧੀਨ ਕਲਾਸ-1 ਮੈਡੀਕਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਹ ਨਿਯੁਕਤੀ ਮੁਕਾਬਲੇ ਵਾਲੀ ਉਸ ਪ੍ਰੀਖਿਆ ਰਾਹੀਂ ਹੋਈ ਜਿਸ ਵਿਚ ਚਾਰ ਹਜ਼ਾਰ ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ | ਡਾ. ਤੂਰ ਦਾ ਇਹ ਸਫ਼ਰ ਹੋਰ ਵੀ ਖ਼ਾਸ ਹੈ ਕਿਉਂਕਿ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਜੌਨ ਹਾਪਕਿਨਸ ਹਸਪਤਾਲ ਵਿਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਹਨ, ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਹਸਪਤਾਲਾਂ ਵਿਚੋਂ ਇਕ ਮੰਨਿਆ ਜਾਂਦਾ ਹੈ | ਇਹ ਪਰਿਵਾਰ ਲਈ ਇਤਿਹਾਸਕ ਪਲ ਹੈ ਕਿਉਂਕਿ ਡਾ. ਤੂਰ ਆਪਣੇ ਪਰਿਵਾਰ 'ਚੋਂ ਪਹਿਲੇ ਕਲਾਸ-1 ਅਫ਼ਸਰ ਬਣੇ ਹਨ | ਡਾ. ਦਿਲਰਾਜਦੀਪ ਸਿੰਘ ਤੂਰ ਦੀ ਮਾਤਾ ਲੈਕਚਰਾਰ ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ 'ਤੇ ਬੇਹੱਦ ਮਾਣ ਹੈ ਅਤੇ ਵਿਸ਼ਵਾਸ ਹੈ ਕਿ ਉਹ ਲੋਕਾਂ ਦਾ ਇਲਾਜ ਸੇਵਾ ਭਾਵਨਾ ਨਾਲ ਕਰਨਗੇ | ਉਨ੍ਹਾਂ ਦੀ ਹੋਈ ਇਸ ਨਿਯੁਕਤੀ 'ਤੇ ਵਿਧਾਇਕ ਅਮਨਦੀਪ ਕੌਰ ਅਰੋੜਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ, ਡਾ. ਰਣਜੋਧ ਸਿੰਘ ਧਰਮਕੋਟ, ਡਾ. ਅਤੁਲ ਆਸ਼ੂਤੋਸ਼ ਬਾਸੀ ਹਸਪਤਾਲ ਭਿੰਡਰ ਕਲਾਂ, ਸਾਬਕਾ ਜ਼ਿਲ੍ਹਾ ਅਫ਼ਸਰ ਰੇਸ਼ਮ ਸਿੰਘ ਔਲਖ, ਟੀਚਰ ਯੂਨੀਅਨ ਦੇ ਸਾਬਕਾ ਪ੍ਰਧਾਨ ਮਾਸਟਰ ਭਜਨ ਸਿੰਘ ਤੂਰ, ਮਾਸਟਰ ਬੂਟਾ ਸਿੰਘ ਦਾਤਾ ਸਟੇਟ ਐਵਾਰਡੀ ਅਧਿਆਪਕ, ਡਾ. ਜੋਤੀ, ਡਾ. ਦਲਜੀਤ ਸਿੰਘ ਸੰਧੂ, ਜਗਰਾਜ ਸਿੰਘ ਤੂਰ ਜੀ.ਐਮ. ਪੰਜਾਬ ਰੋਡਵੇਜ਼, ਲੈਕਚਰਾਰ ਤੇ ਕੋਚ ਮਨਜੀਤ ਸਿੰਘ ਤੂਰ, ਗੁਰਵਿੰਦਰ ਸਿੰਘ ਗੋਗਾ ਤੋਂ ਇਲਾਵਾ ਹੋਰ ਵੀ ਸਨੇਹੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ |