ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਰੂਪਾ ਧਾਲੀਵਾਲ ਦੀ ਅਦਾਲਤ ਨੇ ਲਾਕਡਾਊਨ ਦੌਰਾਨ ਸ਼ਰਾਬ ਦੀਆਂ ਸੱਤ ਬੋਤਲਾਂ ਸਮੇਤ ਫ਼ੜੇ੍ਹ ਗਏ ਵਿਅਕਤੀ ਵਲੋਂ ਬੇਵਜ੍ਹਾ ਲਗਾਏ ਗਏ ਝੂਠੇ ਦੋਸ਼ਾਂ 'ਚੋਂ ਪੱਤਰਕਾਰ ਨਰਿੰਦਰ ਸਲੂਜਾ ਅਤੇ ਸਰਬਜੀਤ ਸੁਖੀਜਾ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਹੈ | ਪੱਤਰਕਾਰਾਂ ਦੇ ਵਕੀਲ ਵਿੱਕੀ ਗਿਰਧਰ ਅਤੇ ਦੀਪਕ ਗਿਰਧਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ | ਜਾਣਕਾਰੀ ਅਨੁਸਾਰ 12 ਮਈ 2020 ਨੂੰ ਪੁਲਿਸ ਨੇ ਇਕ ਵਿਅਕਤੀ ਨੂੰ ਸ਼ਰਾਬ ਲੈ ਕੇ ਜਾਂਦੇ ਹੋਏ ਗਿ੍ਫ਼ਤਾਰ ਕੀਤਾ ਅਤੇ ਉਸ ਵਿਰੁੱਧ ਕੇਸ ਦਰਜ ਕੀਤਾ | ਪੁਲਿਸ ਨੇ 14 ਮਈ ਨੂੰ ਉਕਤ ਸ਼ਰਾਬ ਸਮੇਤ ਫ਼ੜੇ੍ਹ ਗਏ ਵਿਅਕਤੀ ਦੀ ਸ਼ਿਕਾਇਤ 'ਤੇ ਪੱਤਰਕਾਰ ਸਰਬਜੀਤ ਸਿੰਘ ਸੁਖੀਜਾ, ਕੁਲਦੀਪ ਸਿੰਘ ਰਿਣੀ ਅਤੇ ਨਰਿੰਦਰ ਸਲੂਜਾ ਵਿਰੁੱਧ ਬਲੈਕਮੇਲਿੰਗ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ | ਹਾਲਾਂਕਿ ਇਸ ਮਾਮਲੇ 'ਚ ਪੁਲਿਸ ਨੇ ਕੁਲਦੀਪ ਸਿੰਘ ਰਿਣੀ ਨੂੰ ਕਲੀਨ ਚਿੱਟ ਦਿੰਦੇ ਹੋਏ ਸਰਬਜੀਤ ਸੁਖੀਜਾ ਅਤੇ ਨਰਿੰਦਰ ਸਲੂਜਾ ਵਿਰੁੱਧ ਅਦਾਲਤ 'ਚ ਚਲਾਨ ਪੇਸ਼ ਕੀਤਾ ਸੀ, ਪਰ ਝੂਠ ਦੀ ਨੀਂਹ ਪੱਕੀ ਨਹੀਂ ਹੁੰਦੀ ਅਤੇ ਅੰਤ 'ਚ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਇਸ ਦੇ ਪ੍ਰਤੱਖ ਪ੍ਰਮਾਣ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਸੋਮਵਾਰ ਨੂੰ ਸੁਣਾਏ ਗਏ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਨਰਿੰਦਰ ਸਲੂਜਾ ਦੇ ਵਕੀਲ ਵਿੱਕੀ ਗਿਰਧਰ ਅਤੇ ਸਰਬਜੀਤ ਸੁਖੀਜਾ ਦੇ ਵਕੀਲ ਦੀਪਕ ਗਿਰਧਰ ਨੇ ਕਿਹਾ ਕਿ ਇਹ ਇਕ ਝੂਠਾ ਯੋਜਨਾਬੱਧ ਮਾਮਲਾ ਸੀ, ਜਿਸ ਵਿਚ ਭਾਵੇਂ ਕੁਝ ਸਮਾਂ ਜ਼ਰੂਰ ਲੱਗਿਆ ਹੈ, ਪਰ ਇਨਸਾਫ਼ ਹੋਇਆ ਹੈ | ਐਡਵੋਕੇਟ ਵਿੱਕੀ ਕੁਮਾਰ ਗਿਰਧਰ ਦੇ ਅਨੁਸਾਰ ਸੱਚ ਨੂੰ ਸੱਚ ਸਾਬਤ ਕਰਨਾ ਉਸ ਦਾ ਫ਼ਰਜ਼ ਸੀ, ਜਿਸ ਵਿਚ ਉਸ ਨੂੰ ਸਫ਼ਲਤਾ ਮਿਲੀ ਹੈ ਅਤੇ ਸੱਚਾਈ ਦੀ ਜਿੱਤ ਹੋਈ ਹੈ |