ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ 'ਚ ਹੜ੍ਹਾਂ ਦੀ ਮਾਰ ਪੈ ਰਹੀ ਹੈ ਅਤੇ ਸਰਕਾਰ ਨੇ ਲੋਕਾਂ ਦੀ ਮਦਦ ਤਾਂ ਕੀ ਕਰਨੀ ਹੈ, ਉਲਟਾ ਕੰਮ ਕਰਨ ਬਦਲੇ ਜੋ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਗੂਣਾ ਮਾਣਭੱਤਾ ਮਿਲਦਾ ਹੈ, ਉਹ ਵੀ ਕਰੀਬ ਛੇ ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ, ਸਰਕਾਰ ਵਲੋਂ ਨਹੀਂ ਦਿੱਤਾ ਜਾ ਰਿਹਾ | ਇਸ ਤਰ੍ਹਾਂ ਦੇ ਹਾਲਤਾਂ 'ਚ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਬੁਰੇ ਸੰਕਟ 'ਚ ਗੁਜ਼ਰ ਰਹੀਆਂ ਹਨ | ਇਨ੍ਹਾਂ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ ਜਦੋਂ ਤੋਂ ਪੰਜਾਬ ਵਿਚ 'ਆਪ' ਸਰਕਾਰ ਆਈ ਹੈ, ਉਸ ਸਮੇਂ ਤੋਂ ਕਦੇ ਵੀ ਸਮੇਂ ਸਿਰ ਮਾਣਭੱਤਾ ਨਹੀਂ ਮਿਲਿਆ | ਕਦੇ 6 ਮਹੀਨਿਆਂ ਤੋਂ ਕਦੇ 10 ਮਹੀਨਿਆਂ ਬਾਅਦ ਮਾਣਭੱਤਾ ਮਿਲਦਾ ਹੈ ਤੇ ਕਦੇ ਸਾਲ ਬੀਤ ਜਾਂਦਾ ਹੈ | ਇਹ ਪ੍ਰਗਟਾਵਾ ਹਰਗੋਬਿੰਦ ਕੌਰ ਪ੍ਰਧਾਨ ਆਲ ਪੰਜਾਬ ਆਂਗਣਵਾੜੀ ਯੂਨੀਅਨ ਕੀਤਾ | ਉਨ੍ਹਾਂ ਮੰਗ ਕੀਤੀ ਕਿ ਅਜਿਹੀ ਤਰਾਸਦੀ ਵਿਚ ਜਦੋਂ ਲੋਕ ਭੁੱਖੇ ਮਰ ਰਹੇ ਹਨ ਤਾਂ ਸਰਕਾਰ ਨੇ 'ਆਪ' ਤਾਂ ਕੀ ਮਦਦ ਕਰਨੀ ਹੈ ਉਸ ਦੀ ਥਾਂ ਘੱਟੋ-ਘੱਟ ਉਨ੍ਹਾਂ ਦਾ ਬਣਦਾ ਮਾਣਭੱਤਾ ਤੁਰੰਤ ਜਾਰੀ ਕਰੇ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਰਾਹਤ ਦੇਵੇ, ਤਾਂ ਜੋ ਉਨ੍ਹਾਂ ਦੇ ਚੁੱਲੇ ਤਪ ਸਕਣ |