ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਇਕ ਆਮ ਘਰ 'ਚੋਂ ਉੱਠ ਕੇ ਆਮ ਆਦਮੀ ਪਾਰਟੀ ਵਿਚ ਬਗੈਰ ਕਿਸੇ ਲੋਭ ਲਾਲਚ ਤੋਂ ਸਖ਼ਤ ਮਿਹਨਤ ਕਰ ਕੇ ਪਹਿਲਾਂ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਬਣਨ ਤੋਂ ਲੈ ਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਹੁਣ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਬਣਨ ਤੱਕ ਦਾ ਸਫ਼ਰ ਤਹਿ ਕੀਤਾ | ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿਲ੍ਹਾ ਸੈਕਟਰੀ ਮੀਡੀਆ 'ਆਪ' ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਇਤਿਹਾਸਕ ਪਿੰਡ ਮਧੇਕੇ ਦੇ ਵਾਸੀ ਬਰਿੰਦਰ ਕੁਮਾਰ ਸ਼ਰਮਾ ਚੇਅਰਮੈਨ ਇਕ ਸਾਧਾਰਨ ਘਰ 'ਚੋਂ ਉੱਠ ਕੇ ਆਪਣੀ ਲਗਨ, ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਇੱਥੋਂ ਤੱਕ ਪਹੁੰਚੇ ਹਨ | ਬਰਿੰਦਰ ਕੁਮਾਰ ਜੋ ਪਹਿਲਾਂ ਵੀ ਧਰਤੀ ਨਾਲ ਜੁੜੇ ਹੋਏ ਅਤੇ ਹਰ ਇਕ ਨਾਲ ਪ੍ਰੇਮ ਪਿਆਰ ਰੱਖਣ ਵਾਲੇ ਵਿਅਕਤੀ ਸਨ ਅਤੇ ਅੱਜ ਵੱਡੇ ਅਹੁਦਿਆਂ 'ਤੇ ਹੁੰਦੇ ਹੋਏ ਵੀ ਉਸੇ ਤਰ੍ਹਾਂ ਹੀ ਵਿਚਰਦੇ ਹਨ | ਪਹਿਲੇ ਦਿਨ ਤੋਂ ਹੀ ਸੇਵਾ ਭਾਵਨਾ ਨੂੰ ਸਮਰਪਿਤ ਬਰਿੰਦਰ ਕੁਮਾਰ ਕਿਸੇ ਵੀ ਸਮੇਂ ਸੇਵਾ ਦਾ ਮੌਕਾ ਨਹੀਂ ਜਾਣ ਦਿੰਦੇ | ਕੋਰੋਨਾ ਕਾਲ ਨੇ ਜਦੋਂ ਸਾਰੀ ਦੁਨੀਆ ਰੋਕ ਦਿੱਤੀ ਸੀ, ਬਰਿੰਦਰ ਕੁਮਾਰ ਉਦੋਂ ਵੀ ਆਪਣੇ ਲੋਕਾਂ ਲਈ ਆਕਸੀਮੀਟਰ ਦੀਆਂ ਕਿੱਟਾਂ ਪਹੁੰਚਾਉਣ ਵਿਚ ਲੱਗੇ ਹੋਏ ਸਨ | ਜਦੋਂ ਅੱਜ ਸਾਡੇ ਪੰਜਾਬ 'ਤੇ ਕੁਦਰਤੀ ਆਫ਼ਤ ਹੜ੍ਹਾਂ ਨੇ ਆਪਣਾ ਹੱਲਾ ਬੋਲਿਆ ਹੈ ਤਾਂ ਅੱਜ ਵੀ ਉਹ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਆਪਣੀ ਟੀਮ ਨੂੰ ਨਾਲ ਲੈ ਕੇ ਲੋੜੀਂਦੀ ਰਾਹਤ ਸਮੱਗਰੀ ਵੰਡ ਰਹੇ ਹਨ | ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿਲ੍ਹਾ ਸੈਕਟਰੀ ਮੀਡੀਆ ਨੇ ਕਿਹਾ ਕਿ ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਬਰਿੰਦਰ ਕੁਮਾਰ ਦੇ ਦਿਲ ਵਿਚ ਇਸੇ ਤਰ੍ਹਾਂ ਹੀ ਸੇਵਾ ਕਰਨ ਦੀ ਭਾਵਨਾ ਰੱਖਣ |