ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਪੂਰੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨਾਲ ਖੜ੍ਹੀ ਹੈ | ਇਸ ਆਫ਼ਤ ਦੀ ਘੜੀ 'ਚ ਹਰੇਕ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਹਰੇਕ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ | ਇਹ ਪ੍ਰਗਟਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਿੰਦਰ ਕੁਮਾਰ ਮਧੇਕੇ ਵਲੋਂ ਕੀਤਾ ਗਿਆ | ਮਧੇਕੇ ਵਲੋਂ ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ ਪ੍ਰਭਾਵਿਤ ਪਿੰਡਾਂ ਦੇ ਪਸ਼ੂਆਂ ਲਈ 50 ਕੁਇੰਟਲ ਚਾਰੇ ਦਾ ਟਰੱਕ ਭੇਜਿਆ ਗਿਆ | ਉਨ੍ਹਾਂ ਦੀ ਟੀਮ ਵਲੋਂ ਧਰਮਕੋਟ ਦੇ ਪਿੰਡ ਰਾਊਵਾਲਾ, ਸ਼ੇਰਪੁਰ ਤਾਇਬਾ, ਸ਼ੇਰਪੁਰ ਖ਼ੁਰਦ, ਮੰਦਰ ਕਲਾਂ, ਕੰਬੋ ਖ਼ੁਰਦ ਆਦਿ ਪਿੰਡਾਂ ਵਿਚ ਮੱਕੀ ਦਾ ਸਾਈਲੇਜ਼ (ਪਸ਼ੂਆਂ ਲਈ ਆਚਾਰ) ਅਤੇ ਘਰੇਲੂ ਵਰਤੋਂ ਦੀਆਂ ਵਸਤੂਆਂ ਹੜ੍ਹ ਪੀੜਤ ਪਰਿਵਾਰਾਂ ਵਿਚ ਵੰਡੀਆਂ ਅਤੇ ਹੜ੍ਹ ਪੀੜਤ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਤੱਕ ਉਨ੍ਹਾਂ ਦਾ ਮੁੜ ਵਸੇਬਾ ਨਹੀਂ ਹੁੰਦਾ ਉਦੋਂ ਤੱਕ ਉਹ ਉਨ੍ਹਾਂ ਦਾ ਪੂਰਾ ਸਾਥ ਦੇਣਗੇ | ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਦੌਰਾ ਕਰ ਰਹੀ ਹੈ ਅਤੇ ਰਾਹਤ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਦੀ ਟੀਮ ਦੇ ਮੈਂਬਰ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ ਮਨਦੀਪ ਸਿੰਘ ਮਾਨ, ਜ਼ਿਲ੍ਹਾ ਮੀਡੀਆ ਸੈਕਟਰੀ ਅੰਮਿ੍ਤਪਾਲ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਟਿੰਮੀ, ਬਲਵੀਰ ਸਿੰਘ ਮਧੇਕੇ, ਸਤਿਨਾਮ ਸਿੰਘ ਮਧੇਕੇ ਅਤੇ ਦਿਲਪ੍ਰੀਤ ਭਾਗੀਕੇ ਵੀ ਹਾਜ਼ਰ ਸਨ |