ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਡਾ. ਸ਼ਾਮ ਲਾਲ ਥਾਪਰ ਨਰਸਿੰਗ ਸੰਸਥਾਵਾਂ ਦੇ ਰਾਜੀਵ ਗਾਂਧੀ ਆਡੀਟੋਰੀਅਮ ਅੰਦਰ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਸਰਵਪੱਲੀ ਰਾਧਾ ਕਿ੍ਸ਼ਨ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਤੌਰ 'ਤੇ ਮਨਾਇਆ ਗਿਆ | ਇਸ ਸਮਾਗਮ ਅੰਦਰ ਸਵਰਗੀ ਡਾ. ਸਰਵਪੱਲੀ ਰਾਧਾ ਕਿ੍ਸ਼ਨ ਦੀ ਫ਼ੋਟੋ 'ਤੇ ਫੁੱਲ ਅਰਪਿਤ ਕਰ ਕੇ ਪ੍ਰੋਗਰਾਮ ਆਰੰਭ ਕੀਤਾ ਗਿਆ | ਇਸ ਮੌਕੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਅੰਦਰ ਅਧਿਆਪਕ ਦਾ ਸਥਾਨ ਸਭ ਤੋਂ ਉੱਪਰ ਰੱਖਿਆ ਗਿਆ ਹੈ | ਪੁਰਾਣੇ ਸ਼ਾਸਤਰਾਂ ਅੰਦਰ ਗੁਰੂ ਦੀ ਵਿਆਖਿਆ ਕਰਦੇ ਹੋਏ ਇਸ ਨੂੰ ਰੱਬ ਦੇ ਸਮਾਨ ਦਰਜਾ ਦਿੱਤਾ ਗਿਆ ਹੈ | ਇਸ ਮੌਕੇ ਡਾ. ਮਾਲਤੀ ਥਾਪਰ ਨੇ ਕਿਹਾ ਕਿ ਇਕ ਅਧਿਆਪਕ ਹੀ ਹੈ ਜੋ ਸਾਡੇ ਦਿਮਾਗ਼ ਨੂੰ ਰੌਸ਼ਨ ਕਰਦਾ ਹੈ ਅਤੇ ਸਾਡੇ ਆਉਣ ਵਾਲੇ ਭਵਿੱਖ ਦੀ ਚਿੰਤਾ ਕਰਦਾ ਹੈ | ਸੋ ਸਾਨੂੰ ਆਪਣੇ ਅਧਿਆਪਕ ਦੀ ਹਰ ਗੱਲ ਨੂੰ ਗੁਰੂ ਦਾ ਆਦੇਸ਼ ਮੰਨ ਕੇ ਪੂਰਾ ਕਰਨਾ ਚਾਹੀਦਾ ਹੈ | ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਪਵਨ ਥਾਪਰ ਨੇ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੁਸੀਂ ਆਪਣਾ ਇਕ ਨਿਸ਼ਾਨਾ ਬਣਾਓ ਕਿ ਅਸੀਂ ਅੱਗੇ ਜਾ ਕੇ ਕੀ ਕਰਨਾ ਹੈ ਤਾਂ ਕਿ ਤੁਹਾਡਾ ਸਮਾਜ ਵਿਚ ਅਤੇ ਤੁਹਾਡੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਹੋ ਸਕੇ | ਉਨ੍ਹਾਂ ਕਿਹਾ ਕਿ ਜੋ ਅੱਜ ਇੰਟਰਨੈਟ 'ਤੇ ਲੱਚਰਤਾ ਫੈਲ ਰਹੀ ਹੈ, ਇਸ ਤੋਂ ਦੂਰ ਰਹੋ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਮੈਡਮ ਸੁਨੀਤਾ ਜੋਸਫ ਕਾਲਜ ਦੇ ਵਾਈਸ ਪਿ੍ੰਸੀਪਲ ਮੈਡਮ ਜੋਤੀ ਬਾਲਾ, ਮੈਡਮ ਧਨਵੀਰ ਕੌਰ, ਮੈਡਮ ਗਗਨ ਆਦਿ ਸ਼ਾਮਿਲ ਸਨ |