ਸਮਾਧ ਭਾਈ, 5 ਸਤੰਬਰ (ਜਗਰੂਪ ਸਿੰਘ ਸਰੋਆ)-ਲਾਗਲੇ ਸੂਬਿਆਂ 'ਚ ਹੋਈ ਭਾਰੀ ਬਾਰਿਸ਼ ਦੀ ਮਾਰ ਕਾਰਨ ਪੰਜਾਬ ਵਿਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਨਾਲ ਲੋਕਾਂ ਦੀ ਜ਼ਿੰਦਗੀ ਵਿਚ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਦੇਣ ਨਾਲ ਹਜ਼ਾਰਾਂ ਘਰਾਂ, ਲੱਖਾਂ ਏਕੜ ਫ਼ਸਲਾਂ ਤੇ ਪਸ਼ੂ-ਪਾਲਣ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਬਣਦਾ ਯੋਗ ਮੁਆਵਜ਼ਾ ਜਲਦੀ ਜਾਰੀ ਕਰੇ | ਇਹ ਪ੍ਰਗਟਾਵਾ ਕਾਂਗਰਸ ਦੇ ਹਲਕਾ ਫ਼ਿਰੋਜਪੁਰ ਦਿਹਾਤੀ ਇੰਚਾਰਜ ਸੀਨੀਅਰ ਆਗੂ ਭੋਲਾ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਿਆਸੀ ਦੂਸ਼ਣਬਾਜ਼ੀ ਦੀ ਬਜਾਏ ਸੂਬਾ ਸਰਕਾਰ ਪ੍ਰਭਾਵਿਤ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਰਾਹਤ ਕਾਰਜਾਂ ਨੂੰ ਤੇਜ਼ ਕਰੇ | ਉਨ੍ਹਾਂ ਬੇਘਰ ਹੋਏ ਲੋਕਾਂ ਦੀ ਚਿੰਤਾ ਕਰਦਿਆਂ ਕਿਹਾ ਕਿ ਭਾਵੇਂ ਕਿ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਪਾਣੀ ਹੇਠ ਆ ਗਈਆਂ ਹਨ, ਘਰ ਢਹਿਣ ਦੀ ਕਗਾਰ 'ਤੇ ਹਨ ਅਤੇ ਪਸ਼ੂਆਂ ਲਈ ਚਾਰੇ ਦੀ ਭਾਰੀ ਕਮੀ ਹੈ, ਪਰ ਪਾਣੀ ਦੇ ਉੱਤਰਨ ਤੋਂ ਬਾਅਦ ਅਸਲੀ ਡਰਾਉਣੇ ਹਾਲਾਤਾਂ ਨਾਲ ਨਜਿੱਠਣ ਲਈ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਸਿਆਸੀ ਹਿਤਾਂ ਤੋਂ ਉੱਪਰ ਉੱਠ ਕੇ ਪੰਜਾਬ ਸਰਕਾਰ ਨਾਲ ਸਹਿਯੋਗ ਕਰਦਿਆਂ ਉੱਚ ਰਣਨੀਤੀਆਂ ਘੜਨੀਆਂ ਚਾਹੀਦੀਆਂ ਹਨ | ਉਨ੍ਹਾਂ ਹੜ੍ਹ ਤੋਂ ਬਚੇ ਇਲਾਕੇ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਉਣ ਵਾਲੇ ਸਮੇਂ ਨਾਲ ਨਜਿੱਠਣ ਲਈ ਬਾਕੀ ਰਾਹਤ ਕੈਂਪਾਂ ਦੇ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ |