ਨੱਥੂਵਾਲਾ ਗਰਬੀ, 26 ਸਤੰਬਰ (ਨਵਦੀਪ ਸਿੰਘ)-ਅੱਜ ਪਿੰਡ ਮਾਹਲਾ ਖ਼ੁਰਦ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਦੀਪ ਸਿੰਘ ਮਾਹਲਾ ਖ਼ੁਰਦ ਦੀ ਅਗਵਾਈ ਹੇਠ ਪਿੰਡ 'ਚੋਂ ਵੱਡੀ ਗਿਣਤੀ ਵਿਚ ਚਿੱਪ ਵਾਲੇ ਮੀਟਰ ਉਤਾਰ ਕੇ ਵਾਪਸ ਕੀਤੇ | ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਮੰਦਰ ਸਿੰਘ ਡੇਮਰੂ ਨੇ ਕਿਹਾ ਕਿ ਅਸੀਂ ਇਸ ਹਲਕੇ ਦੇ ਕਿਸੇ ਵੀ ਪਿੰਡ 'ਚ ਚਿੱਪ ਵਾਲਾ ਮੀਟਰ ਲੱਗਣ ਨਹੀਂ ਦਿਆਂਗੇ | ਕੇਂਦਰ ਸਰਕਾਰ ਉੱਪਰ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਖ਼ੁਸ਼ ਕਰਨ ਲਈ ਪਿੰਡਾਂ ਵਿਚ ਚਿੱਪ ਵਾਲੇ ਮੀਟਰ ਲਗਾ ਕੇ ਉਨ੍ਹਾਂ ਨੂੰ ਖ਼ੁਸ਼ ਕਰਨ ਵਿਚ ਲੱਗੀ ਹੋਈ | ਉਨ੍ਹਾਂ ਕਿਹਾ ਕਿ ਸਾਨੂੰ ਕਿੰਨਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ ਪਰ ਅਸੀਂ ਅੱਗੇ ਤੋਂ ਵੀ ਪਿੰਡਾਂ 'ਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ | ਇਸ ਸਮੇਂ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਹਾਜ਼ਰ ਸਨ |