ਅਜੀਤਵਾਲ, 26 ਸਤੰਬਰ (ਹਰਦੇਵ ਸਿੰਘ ਮਾਨ)-ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਅਤੇ ਵਿਸ਼ਵ ਪੰਜਾਬੀ ਦਿਵਸ ਸਮਾਰੋਹ ਮਨਾਇਆ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਬਾਬਾ ਫ਼ਰੀਦ ਜੀ ਦੇ ਜੀਵਨ ਤੇ ਉਪਦੇਸ਼ਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਬਾਣੀ ਦਾ ਪਾਠ ਕਰ ਕੇ ਸਭ ਨੂੰ ਰੂਹਾਨੀਅਤ ਨਾਲ ਜੋੜਿਆ ਅਤੇ ਉਨ੍ਹਾਂ ਦੇ ਸਾਦਗੀ, ਪ੍ਰੇਮ, ਭਾਈਚਾਰੇ ਅਤੇ ਸਚਾਈ ਦੇ ਸੰਦੇਸ਼ਾਂ ਨੂੰ ਜੀਵੰਤ ਕੀਤਾ | ਵਿਸ਼ਵ ਪੰਜਾਬੀ ਦਿਵਸ ਦੇ ਸੰਦਰਭ ਵਿਚ ਵਿਦਿਆਰਥੀਆਂ ਵਲੋਂ ਪੰਜਾਬੀ ਭਾਸ਼ਾ ਬਾਰੇ ਭਾਸ਼ਣ, ਕਵਿਤਾ ਪਾਠ ਅਤੇ ਗੀਤ ਪੇਸ਼ ਕੀਤੇ ਗਏ | ਬੱਚਿਆਂ ਨੇ ਪੰਜਾਬੀ ਬੋਲੀ ਦੀ ਮਹਾਨਤਾ, ਮਿਠਾਸ ਅਤੇ ਦੁਨੀਆ ਭਰ ਵਿਚ ਪੰਜਾਬੀ ਭਾਈਚਾਰੇ ਦੀ ਏਕਤਾ 'ਤੇ ਵਿਚਾਰ ਸਾਂਝੇ ਕੀਤੇ | ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਆਪਣੀ ਮਾਤਭਾਸ਼ਾ ਨਾਲ ਜੋੜੇ ਰੱਖਣ ਅਤੇ ਇਸ ਦੀ ਪ੍ਰਚਾਰ ਪ੍ਰਸਾਰ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ੍ਰੈਆ ਪਲਤਾ ਅਤੇ ਸਕੂਲ ਪਿ੍ੰਸੀਪਲ ਸ਼ਾਕਸ਼ੀ ਗੁਲੇਰੀਆ ਨੇ ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ | ਇਸ ਦੌਰਾਨ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ |