ਕੋਟ ਈਸੇ ਖਾਂ, 26 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਪਿੰਡ ਦਇਆ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਦੇ ਘਰ ਅੱਗੇ ਨਾਲੀ ਤੇ ਗਲੀ ਨਾ ਬਣਨ ਨੂੰ ਲੈ ਕੇ ਸੰਬੰਧਿਤ ਪ੍ਰਸ਼ਾਸਨ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਕੋਟ ਈਸੇ ਖਾਂ ਬੀ.ਡੀ.ਪੀ.ਓ. ਦਫ਼ਤਰ ਅੱਗੇ ਲੱਗੇ ਪੱਕੇ ਮੋਰਚੇ ਦੌਰਾਨ ਸੁਣਵਾਈ ਨਾ ਹੁੰਦੀ ਦੇਖ ਤੀਜੇ ਦਿਨ ਲੰਘੇ ਵੀਰਵਾਰ ਦੁਪਹਿਰ 3 ਵਜੇ ਬੀ.ਡੀ.ਪੀ.ਓ. ਦਫ਼ਤਰ ਦਾ ਮੁੱਖ ਗੇਟ ਬੰਦ ਕਰਕੇ ਵੱਡੀ ਗਿਣਤੀ 'ਚ ਇਕੱਤਰ ਕਿਸਾਨਾਂ ਨੇ ਘਿਰਾਓ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਬੀ.ਡੀ.ਪੀ.ਓ. ਦਫ਼ਤਰ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਗੇਟ ਤੋਂ ਬਾਹਰ ਜਾਣ ਦਿੱਤਾ ਤੇ ਮਰਦ ਮੁਲਾਜ਼ਮ ਦਫ਼ਤਰ ਅੰਦਰ ਹੀ ਮੌਜੂਦ ਰਹੇ | ਇਸ ਦੌਰਾਨ ਦੇਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਬਲਾਕ ਦਫ਼ਤਰ ਅੰਦਰ ਸੁਖਜੀਤ ਸਿੰਘ ਬੀ.ਡੀ.ਓ. ਮੋਗਾ ਦਫ਼ਤਰ, ਤਹਿਸੀਲਦਾਰ ਅਜੇ ਕੁਮਾਰ ਤੇ ਪੁਲਿਸ ਪ੍ਰਸ਼ਾਸਨ ਨਾਲ ਬੈਠ ਕੇ ਕੋਈ ਗੱਲਬਾਤ ਦੌਰਾਨ ਕਿਸਾਨ ਆਗੂਆਂ ਦੀ ਮੰਗ ਦੇ ਜਵਾਬ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨ ਦਰਸ਼ਨ ਸਿੰਘ ਦੇ ਘਰ ਅੱਗੇ ਸਵੇਰੇ 10 ਵਜੇ ਨਾਲੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਪੁਲਿਸ ਸਹਾਇਤਾ ਵੀ ਦਿੱਤੀ ਜਾਵੇਗੀ | ਉਪਰੰਤ ਲੱਗੇ ਮੋਰਚੇ ਵਿਚ ਆ ਕੇ ਅਧਿਕਾਰੀਆਂ ਵਲੋਂ ਦਿੱਤੇ ਵਿਸ਼ਵਾਸ 'ਤੇ ਵੀਰਵਾਰ ਰਾਤ ਸਵਾ ਅੱਠ ਵਜੇ ਦੇ ਕਰੀਬ ਮੋਰਚਾ ਮੁਲਤਵੀ ਕੀਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੂਬਾ ਜਨ: ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਆਗੂ ਰਣਜੀਤ ਸਿੰਘ ਬੁੱਟਰ, ਗੁਰਦੇਵ ਸਿੰਘ ਸ਼ਾਹ ਵਾਲਾ, ਹਰਮੰਦਰ ਸਿੰਘ ਡੇਮਰੂ, ਗੁਰਮੇਲ ਸਿੰਘ ਲੋਹਗੜ੍ਹ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆਂ, ਅਵਤਾਰ ਸਿੰਘ ਧਰਮ ਸਿੰਘ ਵਾਲਾ, ਸੋਹਣ ਸਿੰਘ ਰਾਮੰੂਵਾਲਾ, ਜਰਨੈਲ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਕਿਸਾਨਾਂ ਦੀ ਮੰਗ ਕਾਨੂੰਨ ਤੇ ਹੱਕ ਅਨੁਸਾਰ ਪੂਰੀ ਜਾਇਜ਼ ਸੀ ਤੇ ਪ੍ਰਸ਼ਾਸਨ ਨੇ ਜੇ ਦੁਬਾਰਾ ਵਿਸ਼ਵਾਸ ਤੋੜਿਆ ਤਾਂ ਇਨਸਾਫ ਲਈ ਅਗਲੇ ਸੰਘਰਸ਼ ਦਾ ਰੂਪ ਇੰਨਾ ਤਿੱਖਾ ਹੋਵੇਗਾ ਕਿ ਪ੍ਰਸ਼ਾਸਨ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ |