ਸਕੂਲ ਪਿ੍ੰਸੀਪਲਾਂ ਦੀਆਂ ਲਗ-ਪਗ 1000 ਤੋਂ ਵੱਧ ਖ਼ਾਲੀ ਅਸਾਮੀਆਂ ਪੰਜਾਬ ਸਰਕਾਰ ਤੁਰੰਤ ਭਰੇ-ਯੂਨੀਅਨ
ਅਜੀਤ ਡੈਸਕ
27-09-2025
ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਮਾਰਸ਼ਲ, ਸਟੇਟ ਮੀਤ ਪ੍ਰਧਾਨ ਵੀਰ ਸਿੰਘ ਮੋਗਾ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਪੁਰਾਣੇ ਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸੈਂਕੜੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪਿ੍ੰਸੀਪਲਾਂ ਦੀਆਂ ਮਨਜ਼ੂਰ ਸ਼ੁਦਾ 2000 ਪੋਸਟਾਂ ਵਿਚੋਂ ਲਗ-ਪਗ 1000 ਤੋਂ ਵੱਧ ਪੋਸਟਾਂ ਖ਼ਾਲੀ ਪਈਆਂ ਹਨ | ਸਿੱਖਿਆ ਵਿਭਾਗ ਵਲੋਂ ਮੌਜੂਦਾ ਸਮੇਂ ਇਕ ਪਿ੍ੰਸੀਪਲ ਨੂੰ ਕਈ-ਕਈ ਸਕੂਲਾਂ ਦਾ ਚਾਰਜ ਦੇ ਕੇ ਡੰਗ ਸਾਰੂ ਨੀਤੀ ਤਹਿਤ ਹੀ ਕੰਮ ਕੀਤਾ ਜਾ ਰਿਹਾ ਹੈ | ਇਸ ਤਰ੍ਹਾਂ ਪਿ੍ੰਸੀਪਲਾਂ ਤੋਂ ਵਿਰਵੇ ਸਕੂਲਾਂ 'ਚ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਪੰਜਾਬ ਸਰਕਾਰ ਦੀ ਇਸ ਵਿਦਿਆਰਥੀ ਵਿਰੋਧੀ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਕਰਿਸ਼ਨ ਸਿੰਘ ਦੁੱਗਾ ਅਤੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਰਕਾਰ ਵਲੋਂ ਸਿੱਖਿਆ ਵਿਭਾਗ ਦੇ ਸੋਧੇ ਗਏ ਨਿਯਮਾਂ ਤਹਿਤ ਪਿ੍ੰਸੀਪਲ ਦੀਆਂ 75 ਫ਼ੀਸਦੀ ਪ੍ਰਮੋਸ਼ਨ ਕੋਟੇ ਦੀਆਂ ਤਰੱਕੀਆਂ ਕਰ ਕੇ ਪਿ੍ੰਸੀਪਲ ਦੀਆਂ ਖ਼ਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਸਿੱਧੀ ਭਰਤੀ ਦੇ 25 ਫ਼ੀਸਦੀ ਕੋਟੇ ਦੀ ਭਰਤੀ ਸਬੰਧੀ ਪੀ.ਪੀ.ਐਸ.ਸੀ. ਵਲੋਂ ਇਸ਼ਤਿਹਾਰ ਵੀ ਤੁਰੰਤ ਜਾਰੀ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਪਿ੍ੰਸੀਪਲਾਂ ਦੀਆਂ 50 ਫ਼ੀਸਦੀ ਤੋਂ ਵੱਧ ਪੋਸਟਾਂ ਖ਼ਾਲੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਸਫਲ ਸਿੱਖਿਆ ਕ੍ਰਾਂਤੀ ਦੇ ਨਾਅਰੇ ਮਾਰ ਰਹੀ ਹੈ | ਸਾਲ 2022 ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਨੂੰ ਭਾਰਤ 'ਚ ਪਹਿਲੇ ਨੰਬਰ 'ਤੇ ਲਿਆਉਣ ਅਤੇ ਇਨ੍ਹਾਂ ਵਿਭਾਗਾਂ ਦੀ ਕਾਇਆ-ਕਲਪ ਕਰਨ ਦੇ ਬਿਆਨ ਦੇ ਕੇ ਸੱਤਾ ਵਿਚ ਆਈ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪਿ੍ੰਸੀਪਲਾਂ, ਹੈੱਡਮਾਸਟਰਾਂ ਅਤੇ ਬੀ.ਪੀ.ਈ.ਓ. ਦੀਆਂ ਹਜ਼ਾਰਾਂ ਅਸਾਮੀਆਂ ਖ਼ਾਲੀ ਪਈਆਂ ਹਨ |