ਅਜੀਤਵਾਲ, 28 ਸਤੰਬਰ (ਹਰਦੇਵ ਸਿੰਘ ਮਾਨ)-ਡੇਰਾ ਬਾਬਾ ਸ੍ਰੀਚੰਦ ਜੀ ਸੰਤ ਆਸ਼ਰਮ ਪਿੰਡ ਸਲੀਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹੰਤ ਨਿਰਵਾਣ ਸ਼ੁੱਧ ਮੁਨੀ ਦੇ ਪ੍ਰਬੰਧਾਂ ਸਦਕਾ ਸਮੂਹ ਨਗਰ ਤੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਅਤੇ ਸੇਵਾ ਨਾਲ ਭਗਵਾਨ ਸ੍ਰੀਚੰਦ ਜੀ ਦੇ 531ਵੇਂ ਜਨਮ ਦਿਹਾੜੇ ਨੂੰ ਮਨਾਉਂਦਿਆਂ ਤਿੰਨ ਦਿਨਾਂ ਧਾਰਮਿਕ ਸਮਾਗਮ 26 ਸਤੰਬਰ ਤੋਂ 28 ਸਤੰਬਰ ਤੱਕ ਕਰਵਾਏ ਗਏ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ, ਉਪਰੰਤ ਉੱਘੀਆਂ ਧਾਰਮਿਕ ਸ਼ਖ਼ਸੀਅਤਾਂ, ਸੰਤ-ਮਹਾਂਪੁਰਸ਼, ਰਾਗੀ-ਢਾਡੀ ਜਥੇਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਨ ਕਰਵਾਇਆ ਤੇ ਬਾਬਾ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਉਪਰੰਤ ਕਰਵਾਏ ਧਾਰਮਿਕ ਦੀਵਾਨਾਂ ਸਮੇਂ ਮਹਾਂਪੁਰਸ਼ਾਂ ਨੇ ਭਗਵਾਨ ਸ੍ਰੀਚੰਦ ਜੀ ਦੇ ਜੀਵਨ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਂਦਿਆਂ ਉਨ੍ਹਾਂ ਸੰਬੰਧੀ ਅਨੇਕਾਂ ਇਤਿਹਾਸਿਕ ਪਹਿਲੂਆਂ ਬਾਰੇ ਦੱਸਦਿਆਂ ਕਿਹਾ ਕਿ ਉਦਾਸੀ ਸੰਪ੍ਰਦਾਇ ਦੇ ਬਾਨੀ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ, ਜਿਨ੍ਹਾਂ ਦਾ ਜਨਮ ਮਾਤਾ ਸੁਲੱਖਣੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਖੇ ਹੋਇਆ ਉਨ੍ਹਾਂ ਨੇ ਆਪਣਾਂ ਸਮੁੱਚਾ ਜੀਵਨ ਗ੍ਰਹਿਸਤੀ ਰਹਿਤ ਬਤੀਤ ਕੀਤਾ ਤੇ ਧਰਮ ਪ੍ਰਚਾਰ ਕੀਤਾ | ਸਮਾਗਮ ਦੌਰਾਨ ਉੱਘੀਆਂ ਧਾਰਮਿਕ ਸ਼ਖ਼ਸੀਅਤਾਂ ਜਿਨ੍ਹਾਂ 'ਚ ਮਹੰਤ ਸਤਮੁਨੀ ਪੀਲੀਆ ਬੰਗਾ ਰਾਜਸਥਾਨ, ਮਹੰਤ ਗੋਬਿੰਦ ਦਾਸ ਬਹੋਨਾ, ਮਹੰਤ ਲਛਮਣ ਦਾਸ ਰਾਊਕੇ, ਸੰਤ ਹਰਜਿੰਦਰ ਸਿੰਘ ਗੁਰੂ ਕੀ ਮਟੀਲੀ, ਮਹੰਤ ਜਗਦੇਵ ਮੁਨੀ ਖਾਈ ਵਾਲੇ, ਮਹੰਤ ਰੇਸ਼ਮ ਸਿੰਘ ਖਾਈ, ਮਹੰਤ ਸੁੰਦਰ ਦਾਸ ਪੰਜਗਰਾਈਾ, ਮਹੰਤ ਸਤਨਾਮ ਸਿੰਘ ਕਪੂਰੇ, ਮਹੰਤ ਕਿਸ਼ਨ ਦਾਸ, ਸੇਵਾਦਾਰ ਇੰਦਰਜੀਤ ਸਿੰਘ, ਠੇਕੇਦਾਰ ਕੁਲਵੰਤ ਸਿੰਘ ਸਮੇਤ ਪਿੰਡ ਚੂਹੜਚੱਕ, ਮੀਨੀਆ, ਰਾਊਕੇ ਦੀ ਸੰਗਤ ਨਾਲ ਨਗਰ ਸਲੀਣਾ ਅਤੇ ਇਲਾਕਾ ਵਾਸੀ ਸੰਗਤਾਂ ਨੇ ਸੇਵਾਵਾਂ ਨਾਲ ਹਾਜ਼ਰੀਆਂ ਲਗਵਾਈਆਂ | ਪਹੁੰਚੇ ਸੰਤਾਂ- ਮਹਾਂਪੁਰਸ਼ਾਂ, ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਮਹੰਤ ਨਿਰਵਾਣ ਸ਼ੁੱਧ ਮੁਨੀ ਨੇ ਧੰਨਵਾਦ ਕੀਤਾ ਅਤੇ ਅਸਥਾਨ ਵਲੋਂ ਸੰਤਾਂ-ਮਹਾਂਪੁਰਸ਼ਾ ਦਾ ਸਨਮਾਨ ਵੀ ਕੀਤਾ | ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |