ਮੋਗਾ, 21 ਅਕਤੂਬਰ (ਸੁਰਿੰਦਰਪਾਲ ਸਿੰਘ)-ਅਜੈ ਗਾਂਧੀ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੇ ਕਿਹਾ ਕਿ ਸੂਬਾ ਪੰਜਾਬ ਵਿਚ ਅਮਨ ਅਤੇ ਸ਼ਾਂਤੀ ਦੇ ਮਾਹੌਲ ਲਈ ਪੰਜਾਬ ਪੁਲਿਸ ਦੇ ਸ਼ਹੀਦਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ | ਯੋਗਦਾਨ ਪਾਉਣ ਵਾਲੇ ਸ਼ਹੀਦ ਸਾਡੇ ਸੂਬੇ ਅਤੇ ਦੇਸ਼ ਦਾ ਸਰਮਾਇਆ ਹਨ | ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ | ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਾਰੇ ਇੱਕਮੁੱਠ ਹੋ ਕੇ ਦੇਸ਼ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰੀਏ | ਅਜੈ ਗਾਂਧੀ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਕਰਵਾਏ ਪੁਲਿਸ ਸ਼ਹੀਦੀ ਸ਼ੋਕ ਦਿਵਸ ਮੌਕੇ ਵੱਖ-ਵੱਖ ਹਮਲਿਆਂ ਵਿਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਪੁਲਿਸ ਅਤੇ ਦੂਸਰੀਆਂ ਪੈਰਾ ਮਿਲਟਰੀ ਫੋਰਸਾਂ ਦੇ ਸ਼ਹੀਦ ਹੋਏ ਜਵਾਨਾਂ ਅਤੇ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ | ਇਸ ਮੌਕੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਬਿਸ਼ਨ ਸਰੂਪ, ਕਪਤਾਨ ਪੁਲਿਸ ਹੈੱਡਕੁਆਟਰ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਸਮੂਹ ਡੀ.ਐਸ.ਪੀ., ਸਮੂਹ ਐਸ.ਐਚ.ਓ., ਐਨ.ਜੀ.ਓ. ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸ਼ਹੀਦਾਂ ਦੀਆਂ ਫ਼ੋਟੋਆਂ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ | ਡੀ.ਐਸ.ਪੀ. (ਹ) ਮੋਗਾ ਜੋਰਾ ਸਿੰਘ ਵਲੋਂ ਪੁਲਿਸ ਦੀ ਟੁਕੜੀ ਸਮੇਤ ਸ਼ਹੀਦਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਅਜੈ ਗਾਂਧੀ ਨੇ ਕਿਹਾ ਕਿ ਅੱਜ ਦਾ ਸ਼ਹੀਦੀ ਯਾਦਗਾਰੀ ਦਿਵਸ ਉਨ੍ਹਾਂ ਮਹਾਨ ਪੁਲਿਸ ਜਵਾਨਾਂ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 21 ਅਕਤੂਬਰ 1959 ਨੂੰ ਲੱਦਾਖ ਦੇ ਹਾਟ ਸਪਰਿੰਗ ਵਿਖੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤਾਂ ਦਿੱਤੀਆਂ | ਐਸ.ਐਸ.ਪੀ. ਨੇ ਕਿਹਾ ਕਿ ਅੱਤਵਾਦ ਦੌਰਾਨ ਮੋਗਾ ਪੁਲਿਸ ਦੇ 39 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਪਰਿਵਾਰ ਮੋਗਾ ਵਿਖੇ ਰਹਿ ਰਹੇ ਹਨ, ਜ਼ਿਲ੍ਹਾ ਪੁਲਿਸ ਹਮੇਸ਼ਾ ਉਨ੍ਹਾਂ ਨਾਲ ਖੜ੍ਹੀ ਹੈ | ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਲਾਵਾ ਸਾਰੇ ਪੁਲਿਸ ਅਫ਼ਸਰਾਂ, ਐਸ.ਐਚ.ਓ., ਜਵਾਨਾਂ ਤੇ ਹੋਰ ਪਤਵੰਤੇ ਸੱਜਣਾਂ ਨੇ ਤਿਆਰ ਕੀਤੇ ਸ਼ਹੀਦੀ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ |