ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਲਾਕੇ ਦੀ ਇਕ ਅਜਿਹੀ ਮਾਣਮੱਤੀ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਹਰ ਪਾਸੇ ਤੋਂ ਤਰਾਸ਼ਣ ਵਿਚ ਯਕੀਨ ਰੱਖਦੀ ਹੈ | ਇਸ ਸੰਸਥਾ ਵਿਚ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਤੌਰ 'ਤੇ ਵੀ ਸਿਖਾਇਆ ਤੇ ਸਮਝਾਇਆ ਜਾਂਦਾ ਹੈ | ਇਸ ਮਕਸਦ ਦੇ ਤਹਿਤ ਸੰਸਥਾ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਗਤਾ ਭਾਈ ਵਿਖੇ ਉਦਯੋਗਿਕ ਖੇਤਰ ਭਾਈਕਾ ਗਰੁੱਪ ਦਾ ਇਕ ਵਿੱਦਿਅਕ ਦੌਰਾ ਕੀਤਾ | ਇਸ ਦੌਰਾਨ ਇੰਡਸਟਰੀ ਭਾਈਕਾ ਗਰੁੱਪ ਵਿਖੇ ਵਿਦਿਆਰਥੀਆਂ ਨੇ ਆਲੂ ਬੀਜਣ ਵਾਲੀ ਮਸ਼ੀਨ ਦਾ ਨਿਰੀਖਣ ਕੀਤਾ ਤੇ ਉਸ ਦੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਤਰ੍ਹਾਂ ਸਮਾਜਿਕ ਸਿੱਖਿਆ ਦੇ ਅਧਿਆਪਕ ਰਾਮ ਸਿੰਘ ਦੀ ਅਗਵਾਈ ਵਿਚ ਗਏ ਵਿਦਿਆਰਥੀਆਂ ਨੇ ਇੰਡਸਟਰੀ ਵਿਚੋਂ ਮਸ਼ੀਨਾਂ ਤਿਆਰ ਕਰਨ, ਉਸ ਦੇ ਪੁਰਜ਼ਿਆਂ ਤੇ ਸੰਦਾਂ ਬਾਰੇ ਜਾਣਕਾਰੀ ਗ੍ਰਹਿਣ ਕੀਤੀ | ਜ਼ਿਕਰਯੋਗ ਹੈ ਕਿ ਉਦਯੋਗਿਕ ਖੇਤਰ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੇ ਸਮਾਜਿਕ ਸਿੱਖਿਆ ਵਿਸ਼ੇ ਦਾ ਇਕ ਪਾਠ ਹੈ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਵੀ ਹੋਣੀ ਲਾਜ਼ਮੀ ਹੈ | ਕਈ ਵਾਰ ਵਿਦਿਆਰਥੀਆਂ ਦੀ ਯਾਦ ਸ਼ਕਤੀ ਓਨੀ ਤੇਜ਼ ਨਹੀਂ ਹੁੰਦੀ ਜਿੰਨੀ ਉਨ੍ਹਾਂ ਦੀ ਨਿਰੀਖਣ ਸ਼ਕਤੀ ਤੇਜ਼ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਦੌਰਾ ਵਿਦਿਆਰਥੀਆਂ ਦੇ ਤਜਰਬੇ ਤੇ ਜਾਣਕਾਰੀ ਵਿਚ ਅਥਾਹ ਵਾਧਾ ਕਰਦਾ ਹੈ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ ਸਕੱਤਰ ਅਤੇ ਸਾਰੇ ਕੋਆਰਡੀਨੇਟਰ ਮੌਜੂਦ ਸਨ |