ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀ ਸੁਚੱਜੀ ਅਤੇ ਯੋਗ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਸਹਿ-ਵਿੱਦਿਅਕ ਮੁਕਾਬਲੇ ਆਈ.ਐਸ.ਐਫ. ਕਾਲਜ ਵਿਖੇ ਉਤਸ਼ਾਹਪੂਰਨ ਮਾਹੌਲ ਵਿਚ ਕਰਵਾਏ ਗਏ | ਇਸ ਵਿਸ਼ਾਲ ਆਯੋਜਨ ਦੇ ਤਹਿਤ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਸਮੂਹ ਬਲਾਕ ਪੱਧਰੀ ਮੁਕਾਬਲਿਆਂ ਦੇ ਏਕਲ ਨਾਚ, ਏਕਲ ਗੀਤ, ਸਮੂਹ ਗਾਣ, ਸਮੂਹ ਨਾਚ, ਭੰਗੜਾ, ਗਿੱਧਾ ਆਦਿ ਵੰਨਗੀਆਂ ਵਿਚ ਜੇਤੂ ਰਹੇ ਲੜਕੇ ਤੇ ਲੜਕੀਆਂ ਨੇ ਆਪਣਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ | ਇਨ੍ਹਾਂ ਮੁਕਾਬਲਿਆਂ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਮੌਕੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਉਭਾਰਨ, ਸਿੱਖਿਆ ਨਾਲ ਨਾਲ ਸਭਿਆਚਾਰਕ ਮੁੱਲਾਂ ਦਾ ਪ੍ਰਚਾਰ ਕਰਨ ਅਤੇ ਬੱਚਿਆਂ ਵਿਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਜਾਗਦੀ ਹੈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਮੰਜੂ ਭਾਰਦਵਾਜ ਨੇ ਕਿਹਾ ਕਿ ਇਸ ਸਬੰਧੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਦੇਖ-ਰੇਖ ਵਿਚ ਹਦਾਇਤਾਂ ਅਨੁਸਾਰ ਤਿਆਰੀਆਂ ਮੁਕੰਮਲ ਕਰਦਿਆਂ ਮੁਕਾਬਲਿਆਂ ਨੂੰ ਬਿਹਤਰੀਨ ਢੰਗ ਨਾਲ ਆਯੋਜਿਤ ਕੀਤਾ ਗਿਆ | ਇਸ ਸਬੰਧੀ ਅਕਾਦਮਿਕ ਸਪੋਰਟ ਗਰੁੱਪ, ਪ੍ਰਬੰਧਕੀ ਮੰਡਲ, ਸੈਂਟਰ ਹੈੱਡ ਟੀਚਰ ਅਤੇ ਵੰਨਗੀਆਂ ਵਿਚ ਮੁਹਾਰਤ ਰੱਖਦੇ ਅਧਿਆਪਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਸਨ | ਉਨ੍ਹਾਂ ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਗੀਤ ਸੋਲੋ ਮੁਕਾਬਲਿਆਂ ਵਿਚ ਧਰਮਕੋਟ ਬਲਾਕ ਦੀ ਵਿਦਿਆਰਥਣ ਕਿਸਮਤ ਨੇ ਪਹਿਲਾ ਜਦ ਕਿ ਨਿਹਾਲ ਸਿੰਘ ਵਾਲਾ ਬਲਾਕ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਦੂਜਾ ਅਤੇ ਬਾਘਾ ਪੁਰਾਣਾ ਬਲਾਕ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਵੱਖ ਵੱਖ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਮੋਹਰੀ ਸਥਾਨ ਹਾਸਲ ਕਰਨ ਵਾਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ ਅਤੇ ਅਕਾਦਮਿਕ ਸਪੋਰਟ ਗਰੁੱਪ ਦੇ ਰਿਸੋਰਸ ਪਰਸਨਜ਼ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਨਿਸ਼ਾਨ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ-1 ਸੁਨੀਤਾ ਨਾਰੰਗ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ-2 ਅਤੇ ਨਿਹਾਲ ਸਿੰਘ ਵਾਲਾ ਵਰਿੰਦਰ ਕੌਰ, ਧਰਮਕੋਟ-1 ਗੁਰਪ੍ਰੀਤ ਸਿੰਘ , ਧਰਮਕੋਟ-2 ਕੰਚਨ ਬਾਲਾ , ਬਾਘਾਪੁਰਾਣਾ ਹਰਦੇਵ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮਨਮੀਤ ਸਿੰਘ ਰਾਏ ਤੇ ਹਰਸ਼ ਕੁਮਾਰ ਗੋਇਲ, ਜੱਜਮੈਂਟ ਪੈਨਲ ਵਿੱਚ ਗੁਰਮੀਤ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਕੌਰ, ਬਲਵੀਰ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ | ਮੰਚ ਸੰਚਾਲਨ ਦੀ ਭੂਮਿਕਾ ਮਨੂੰ ਸ਼ਰਮਾ ਵਲੋਂ ਬਾਖ਼ੂਬੀ ਨਿਭਾਈ ਗਈ |