ਮੋਗਾ, 7 ਦਸੰਬਰ (ਗੁਰਤੇਜ ਸਿੰਘ ਬੱਬੀ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਹਤ ਸੇਵਾਵਾਂ ਵਿਚ ਹੋਰ ਸੁਧਾਰ ਲਿਆਉਣ ਲਈ ਲਗਾਤਾਰ ਯਤਨ ਜਾਰੀ ਹਨ | ਇਸ ਬਾਰੇ ਜਾਗਰੂਕ ਕਰਦੇ ਹੋਏ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬਹੁਤ ਹੀ ਆਧੁਨਿਕ ਮਸ਼ੀਨਾਂ ਰਾਹੀਂ ਟੀ.ਬੀ. ਦੀ ਬਿਮਾਰੀ ਨੂੰ ਕਾਬੂ ਕਰਨ ਲਈ ਅਤੇ ਬਿਮਾਰੀ ਦੀ ਰੋਕਥਾਮ ਸਬੰਧੀ ਕੰਮ ਕੀਤਾ ਜਾ ਰਿਹਾ ਹੈ | ਇਸੇ ਤਹਿਤ ਸੀ.ਐਚ.ਸੀ. ਸੈਂਟਰ ਕੋਟ ਈਸੇ ਖਾਂ ਦੇ ਐਸ.ਐਮ.ਓ. ਡਾ. ਰਿਪੁਦਮਨ ਕੌਰ ਅਤੇ ਡਾ. ਸਿਮਰਨ ਧਾਲੀਵਾਲ ਦੀ ਯੋਗ ਅਗਵਾਈ ਹੇਠ ਬਲਾਕ ਵਿਚ ਤੀਜੀ ਆਧੁਨਿਕ ਮਸ਼ੀਨ ਲਗਵਾ ਦਿੱਤੀ ਗਈ ਹੈ ਜੋ ਕਿ ਬਹੁਤ ਬਾਰੀਕੀ ਨਾਲ ਇਸ ਰੋਗ ਬਾਰੇ ਜਾਂਚ ਕਰੇਗੀ | ਇਸ ਮੌਕੇ ਡਾ. ਗੌਰਵਪ੍ਰੀਤ ਸਿੰਘ ਸੋਢੀ ਜ਼ਿਲ੍ਹਾ ਟੀ.ਬੀ. ਅਫਸਰ ਮੋਗਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਟੀ.ਬੀ. ਦਾ ਸ਼ੱਕ ਹੋਣ 'ਤੇ ਹਮੇਸ਼ਾ ਸਰਕਾਰੀ ਸੰਸਥਾ ਵਿਚੋਂ ਹੀ ਮੁਫਤ ਟੈਸਟ ਕਰਵਾਓ | ਉਨ੍ਹਾਂ ਕਿਹਾ ਕਿ ਇਹ ਜਾਂਚ ਮਸ਼ੀਨਾਂ ਸਿਰਫ ਸਰਕਾਰੀ ਸਿਹਤ ਸੰਸਥਾਵਾਂ 'ਤੇ ਹੀ ਉਪਲਬਧ ਹਨ ਅਤੇ ਹਰ ਬਲਾਕ ਵਿਚ ਮਸ਼ੀਨਾਂ ਰਾਹੀਂ ਜਾਂਚ ਕੀਤੀ ਜਾ ਰਹੀ ਹੈ | ਇਸ ਮੌਕੇ ਐਸ.ਟੀ.ਐਲ. ਜਸਬੀਰ ਸਿੰਘ, ਐਲ.ਟੀ. ਬਲਿਹਾਰ ਸਿੰਘ ਅਤੇ ਹੋਰ ਸਟਾਫ ਵੀ ਹਾਜ਼ਰ ਸਨ |