ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਪੀ.ਐਸ.ਸੀ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: 41 ਦੀ ਚੋਣ ਸਟੇਟ ਆਗੂ ਦਰਸ਼ਨ ਲਾਲ ਮੋਗਾ ਡਿਪਟੀ ਜਨਰਲ ਸਕੱਤਰ ਪੰਜਾਬ, ਗੁਰਮੇਲ ਸਿੰਘ ਨਾਹਰ ਸਕੱਤਰ ਪੈਨਸ਼ਨ ਯੂਨੀਅਨ ਏਟਕ ਪੰਜਾਬ, ਗੁਰਪ੍ਰੀਤ ਸ਼ਰਮਾ ਪ੍ਰਧਾਨ ਉੱਤਰੀ ਮੋਗਾ ਅਤੇ ਗੁਰਨਾਮ ਸਿੰਘ ਲਵਲੀ ਦੀ ਦੇਖ-ਰੇਖ ਵਿਚ ਸਾਊਥ ਸਬ ਡਵੀਜ਼ਨ ਮੋਗਾ ਵਿਖੇ ਹੋਈ ਇਸ ਚੋਣ ਪ੍ਰਕਿਰਿਆ ਵਿਚ ਸਰਬਸੰਮਤੀ ਨਾਲ ਮਨਮੋਹਨ ਸਿੰਘ ਨੂੰ ਪ੍ਰਧਾਨ, ਅਮਨਦੀਪ ਕੌਰ ਨੂੰ ਜਨਰਲ ਸਕੱਤਰ, ਕੁਲਦੀਪ ਸਿੰਘ ਸਲੀਣਾ ਨੂੰ ਖ਼ਜ਼ਾਨਚੀ, ਜਸਪ੍ਰੀਤ ਸ਼ਰਮਾ, ਜਗਸੀਰ ਸਿੰਘ, ਸੁਖਵਿੰਦਰ ਕੌਰ, ਪੰਕਜ ਗੋਇਲ ਨੂੰ ਕਾਰਜਕਾਰੀ ਮੈਂਬਰ ਸਰਬਸੰਮਤੀ ਨਾਲ ਚੁਣਿਆ ਗਿਆ | ਇਸ ਮੌਕੇ ਸਟੇਟ ਆਗੂ ਦਰਸ਼ਨ ਲਾਲ ਮੋਗਾ ਨੇ ਪੰਜਾਬ ਅੰਦਰ ਚੱਲ ਰਹੇ ਸੰਘਰਸ਼ ਦੀ ਜਾਣਕਾਰੀ ਦਿੰਦਿਆਂ ਦੱਸਿਆ ਕੇਂਦਰ ਸਰਕਾਰ ਪੰਜਾਬ ਅੰਦਰ ਲੋਕ ਵਿਰੋਧੀ ਕਾਨੂੰਨ, ਜਿਵੇਂ ਬਿਜਲੀ ਸੋਧ ਬਿੱਲ 2025, ਕਿਰਤੀਆਂ ਨਾਲ ਸਬੰਧਿਤ ਕਾਨੂੰਨ ਰੱਦ ਕਰ ਕੇ 4 ਕੋਡ ਬਣਾਉਣ ਵਿਰੁੱਧ, ਪੰਜਾਬ ਸਰਕਾਰ ਵਲੋਂ ਬਿਜਲੀ ਮਹਿਕਮੇ ਦੀਆਂ ਬੇਸ਼ਕੀਮਤੀ ਜਾਇਦਾਦਾਂ ਆਪਣੇ ਚਹੇਤਿਆਂ ਨੂੰ ਵੇਚਣ ਵਿਰੁੱਧ ਸਮੁੱਚੇ ਪੰਜਾਬ ਅੰਦਰ ਸਬ ਡਵੀਜ਼ਨ, ਡਵੀਜ਼ਨ ਪੱਧਰ 'ਤੇ 8 ਦਸੰਬਰ ਨੂੰ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਸੰਘਰਸ਼ ਵਿਚ ਸੰਯੁਕਤ ਕਿਸਾਨ ਮੋਰਚਾ ਵਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ | ਚੁਣੀ ਗਈ ਟੀਮ ਵਲੋਂ ਵਿਸ਼ਵਾਸ ਦੁਆਇਆ ਕਿ ਆਉਣ ਵਾਲੇ ਸਮੇਂ ਵਿਚ ਵਰਕਰਾਂ ਨੂੰ ਸੰਘਰਸ਼ ਵੱਲ ਲਾਮਬੰਦ ਕੀਤਾ ਜਾਵੇਗਾ | ਇਹ ਜਾਣਕਾਰੀ ਅਮਨਦੀਪ ਕੌਰ ਵਲੋਂ ਦਿੱਤੀ ਗਈ |