ਫ਼ਤਿਹਗੜ੍ਹ ਪੰਜਤੂਰ, 7 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਜੋ ਕਿ ਸੀ.ਬੀ.ਐਸ.ਈ. ਬੋਰਡ ਅਧੀਨ ਚੱਲਣ ਵਾਲਾ ਇਲਾਕੇ ਦਾ ਇਕ ਪ੍ਰਸਿੱਧ ਸਿੱਖਿਆ ਕੇਂਦਰ ਹੈ, ਆਪਣੀ ਉੱਚ ਪੱਧਰੀ ਪੜ੍ਹਾਈ, ਖੇਡਾਂ, ਅਨੁਸ਼ਾਸਨ ਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਾਣਿਆ ਜਾਂਦਾ ਹੈ | ਸਕੂਲ ਵਲੋਂ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਤੇ ਸਿੱਖਣ ਸਿਖਾਉਣ ਦੇ ਮੌਕੇ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਨ੍ਹਾਂ ਗਤੀਵਿਧੀਆਂ ਦੇ ਤਹਿਤ ਹੀ ਸਕੂਲ ਵਲੋਂ 6 ਦਸੰਬਰ ਸਨਿਚਰਵਾਰ ਨੂੰ ਸਕੂਲ ਦੇ ਪਿ੍ੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਹੇਠ, ਪ੍ਰਾਇਮਰੀ ਕੋਆਰਡੀਨੇਟਰ ਰਾਜ਼ੀ ਅਮਰ ਦੀ ਪ੍ਰੇਰਨਾ ਸਦਕਾ ਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ 'ਫਨ ਫੇਅਰ ਫਰੈਂਜੀ' ਸਲੋਗਨ ਤਹਿਤ ਕਾਰਨੀਵਲ ਮੇਲਾ ਕਰਵਾਇਆ ਗਿਆ | ਮੇਲੇ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੇਲੇ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਪਿ੍ੰਸੀਪਲ ਅਮਰਦੀਪ ਸਿੰਘ ਤੇ ਪ੍ਰਾਇਮਰੀ ਕੋਆਰਡੀਨੇਟਰ ਸ਼੍ਰੀਮਤੀ ਰਾਜ਼ੀ ਅਮਰ ਨੇ ਰਿਬਨ ਕੱਟ ਕੇ ਸਰਸਵਤੀ ਮਾਤਾ ਦੇ ਸਾਹਮਣੇ ਜੋਤੀ ਪ੍ਰਜਵਲਿਤ ਕਰਕੇ ਕੀਤਾ | ਉਪਰੰਤ ਐਨ.ਸੀ.ਸੀ. ਕੈਂਡਿਟਸ ਨੇ ਮੁੱਖ ਮਹਿਮਾਨਾਂ ਨੂੰ ਬੈਚ ਲਗਾਏ | ਮੇਲੇ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਨ ਨਾਲ ਹੋਈ | ਉਪਰੰਤ ਵਿਦਿਆਰਥੀਆਂ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਗਈਆਂ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ | ਨੰਨੇ ਮੁੰਨੇ ਬੱਚਿਆਂ ਵਲੋਂ ਪੇਸ਼ ਗਰੁੱਪ ਡਾਂਸ, ਗੱਭਰੂਆਂ ਵਲੋਂ ਪੇਸ਼ ਕੀਤੇ ਭੰਗੜੇ ਤੇ ਮੁਟਿਆਰਾਂ ਵਲੋਂ ਪੇਸ਼ ਕੀਤੀ ਲੁੱਡੀ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ | ਬੱਚਿਆਂ ਦੇ ਇਸ ਰੰਗਾਂ-ਰੰਗ ਪ੍ਰੋਗਰਾਮ ਨੂੰ ਦੇਖ ਕੇ ਬੱਚਿਆਂ ਦੇ ਆਏ ਹੋਏ ਮਾਤਾ ਪਿਤਾ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ | ਮੇਲੇ 'ਚ ਬੱਚਿਆਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ਬਲੂਨ ਸ਼ੂਟਿੰਗ, ਰਿੰਗ ਦਾ ਪ੍ਰਾਈਜ਼, ਨਾਕ ਡਾਊਨ ਦਾ ਕੈਨ, ਪਾਸ ਦਾ ਵਾਇਰ, ਫਲਿੱਪ ਦਾ ਬੋਟਲ, ਕੈਂਡਲ ਲਾਈਟਨਿੰਗ, ਫੀਡ ਦਾ ਐਲੀਫੈਂਟ ਆਦਿ ਖੇਡਾਂ ਕਰਵਾਈਆਂ ਗਈਆਂ | ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ, ਸਾਰਾ ਸਾਲ ਨਿਯਮਿਤ ਹਾਜ਼ਰੀ ਬਣਾਈ ਰੱਖਣ ਵਾਲੇ, ਐਨ.ਸੀ.ਸੀ, ਖੇਡਾਂ ਤੇ ਨੈਤਿਕ ਸਿੱਖਿਆ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਟੇਜ 'ਤੇ ਬੁਲਾ ਕੇ ਸ਼ੀਲਡਾਂ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਐਨ.ਸੀ.ਸੀ. ਲੜਕੀਆਂ ਦੇ ਕੇਅਰ ਟੇਕਰ ਕੋਮਲਪ੍ਰੀਤ ਕੌਰ ਤੇ ਗਗਨਦੀਪ ਕੌਰ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਐਨ.ਸੀ.ਸੀ. ਦੀ ਮਹੱਤਤਾ ਤੇ ਇਸ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ | ਕੋਚ ਅਮਨਦੀਪ ਸ਼ਰਮਾ ਨੇ ਸਟੇਟ ਪੱਧਰ 'ਤੇ ਖੇਡਾਂ 'ਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਬਾਰੇ ਜਾਣੰੂ ਕਰਵਾਇਆ ਤੇ ਮੈਡਮ ਰਜਵੰਤ ਕੌਰ ਨੇ ਨੈਤਿਕ ਸਿੱਖਿਆ ਅੇ ਸਹਿਜ ਪਾਠ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ | ਮੇਲੇ ਦੇ ਅਖੀਰ ਤੇ ਖੇਡਾਂ 'ਚ ਹਿੱਸਾ ਲੈਣ ਵਾਲੇ ਬੱਚਿਆਂ ਲਈ ਲੱਕੀ ਡਰਾਅ ਵੀ ਕੱਢੇ ਗਏ, ਇਨ੍ਹਾਂ 'ਚੋਂ ਜੇਤੂ ਵਿਦਿਆਰਥੀਆਂ ਨੂੰ ਖ਼ਾਸ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ. ਡੀ. ਰਣਜੀਤ ਕੌਰ ਸੰਧੂ ਨੇ ਕਿਹਾ ਕਿ ਇਹੋ ਜਿਹੇ ਕਾਰਨੀਵਾਲ ਵਰਗੇ ਮੇਲੇ ਬੱਚਿਆਂ ਵਿਚ ਟੀਮ ਵਰਕ ਤੇ ਆਤਮ ਵਿਸ਼ਵਾਸ ਵਧਾਉਂਦੇ ਹਨ | ਇਸ ਮੌਕੇ 'ਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਕੂਲ ਪਿ੍ੰਸੀਪਲ ਅਮਰਦੀਪ ਸਿੰਘ ਨੇ ਕਿਹਾ ਕਿ ਇਹ ਕਾਰਨੀਵਾਲ ਸ੍ਰੀ ਹੇਮਕੁੰਟ ਸਾਹਿਬ ਸਕੂਲ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਏਕਤਾ ਤੇ ਖ਼ੁਸ਼ੀ ਨੂੰ ਉਤਸ਼ਾਹਿਤ ਕਰਦਾ ਹੈ | ਮਾਪਿਆਂ ਨੇ ਵੀ ਸਕੂਲ ਪ੍ਰਬੰਧਨ, ਸਕੂਲ ਪਿ੍ੰਸੀਪਲ ਅਮਰਦੀਪ ਸਿੰਘ ਤੇ ਸਮੁੱਚੇ ਸਟਾਫ਼ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ | ਇਸ ਸਮੇਂ ਸਕੂਲ ਪ੍ਰਬੰਧਨ ਵਲੋਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਸਟਾਲਾਂ ਦਾ ਵੀ ਪ੍ਰਬੰਧ ਕੀਤਾ ਗਿਆ |