ਨਿਹਾਲ ਸਿੰਘ ਵਾਲਾ, 21 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਾੜੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਬਲਾਕ ਖੇਤੀਬਾੜੀ ਅਫ਼ਸਰ ਡਾ. ਤਰਨਜੀਤ ਸਿੰਘ ਰੰਧਾਵਾ ਨਿਹਾਲ ਸਿੰਘ ਵਾਲਾ ਦੀ ਟੀਮ ਵਲੋਂ ਖਾਦ ਵਿਕਰੇਤਾ ਡੀਲਰਾਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਡੀਲਰਾਂ ਦਾ ਸਮੁੱਚਾ ਰਿਕਾਰਡ, ਸਟਾਕ ਰਜਿਸਟਰ ਤੇ ਬਿੱਲ ਬੁੱਕਾਂ ਦੀ ਪੜਤਾਲ ਕੀਤੀ ਗਈ | ਇਸ ਤੋਂ ਇਲਾਵਾ ਗੁਦਾਮਾਂ 'ਚ ਯੂਰੀਆ ਖਾਦ ਦੇ ਸਟਾਕ ਦੀ ਜਾਂਚ ਪੜਤਾਲ ਕੀਤੀ ਗਈ | ਇਸ ਮੌਕੇ ਡਾ. ਤਰਨਜੀਤ ਸਿੰਘ ਰੰਧਾਵਾ ਬਲਾਕ ਖੇਤੀਬਾੜੀ ਅਫ਼ਸਰ ਨਿਹਾਲ ਸਿੰਘ ਵਾਲਾ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਯੂਰੀਆ ਖਾਦ ਦੀ ਕਿਤੇ ਵੀ ਕਾਲਾਬਾਜ਼ਾਰੀ ਨਾ ਕੀਤੀ ਜਾਵੇ ਤੇ ਜ਼ਮੀਨ ਦੀ ਲੋੜ ਅਨੁਸਾਰ ਕਿਸਾਨਾਂ ਨੂੰ ਯੂਰੀਆ ਖਾਦ ਵੇਚੀ ਜਾਵੇ | ਉਨ੍ਹਾਂ ਕਿਹਾ ਕਿ ਨਿਰਧਾਰਿਤ ਕੀਮਤ ਤੋਂ ਖਾਦ ਦਾ ਰੇਟ ਵੱਧ ਲਗਾਉਣ ਵਾਲੇ ਡੀਲਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਇਸ ਮੌਕੇ ਡਾ. ਡਿੰਪਲ ਕੌਰ ਖੇਤੀਬਾੜੀ ਵਿਕਾਸ ਅਫ਼ਸਰ, ਮਨਜਿੰਦਰ ਸਿੰਘ ਖੇਤੀ ਉਪ ਨਿਰੀਖਕ ਤੇ ਮੰਗੂ ਸਿੰਘ ਖੇਤੀ ਉਪ ਨਿਰੀਖਕ ਵਲੋਂ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਯੂਰੀਆ ਖਾਦ ਦੀ ਵਰਤੋਂ ਕਰਨ ਤੇ ਲੋੜ ਤੋਂ ਵੱਧ ਵਰਤੋਂ ਨਾਲ ਕੀੜੇ-ਮਕੌੜਿਆਂ ਤੇ ਹੋਰ ਰੋਗਾਂ 'ਚ ਵਾਧਾ ਹੁੰਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਵੀ ਮਾੜਾ ਅਸਰ ਪੈਂਦਾ ਹੈ |