ਮੋਗਾ, 22 ਦਸੰਬਰ (ਸੁਰਿੰਦਰਪਾਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਗ਼ਰੀਬ, ਦਲਿਤ, ਪਿਛੜੇ ਅਤੇ ਲੋੜਵੰਦ ਵਰਗਾਂ ਦੇ ਜੀਵਨ-ਮਿਆਰ ਨੂੰ ਸੁਧਾਰਨ ਲਈ ਲਗਾਤਾਰ ਲੋਕ ਭਲਾਈ ਸਕੀਮਾਂ ਚਲਾ ਰਹੀ ਹੈ | ਇਨ੍ਹਾਂ ਸਕੀਮਾਂ ਦੀ ਕੜੀ ਵਿਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੇ ਮਹਿਲਾਵਾਂ ਦੀ ਸਿਹਤ, ਮਾਣ ਸਨਮਾਨ ਅਤੇ ਸੁਰੱਖਿਅਤ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤੀਜੇ ਚਰਨ (ਫ਼ੇਜ਼3) ਦੀ ਸ਼ੁਰੂਆਤ ਕੀਤੀ ਹੈ, ਜਿਸ ਵਿਚ ਉਹ ਯੋਗ ਪਰਿਵਾਰ, ਜੋ ਕਿਸੇ ਕਾਰਨ ਕਰ ਕੇ ਹੁਣ ਤੱਕ ਇਸ ਯੋਜਨਾ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਯੋਜਨਾ ਦਾ ਲਾਭ ਦਿੱਤਾ ਜਾਵੇਗਾ | ਯੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਐਲ.ਪੀ.ਜੀ. ਗੈਸ ਕੁਨੈਕਸ਼ਨ ਅਤੇ ਗੈਸ ਸਿਲੰਡਰ ਮੁਹੱਈਆ ਕਰਵਾਏ ਜਾਣਗੇ | ਡਾ. ਹਰਜੋਤ ਕਮਲ ਨੇ ਕਿਹਾ ਕਿ ਉੱਜਵਲਾ ਯੋਜਨਾ ਸਿਰਫ਼ ਇਕ ਸਰਕਾਰੀ ਯੋਜਨਾ ਨਹੀਂ, ਬਲਕਿ ਕਰੋੜਾਂ ਮਹਿਲਾਵਾਂ ਦੀ ਸਿਹਤ ਅਤੇ ਆਤਮ-ਸਨਮਾਨ ਨਾਲ ਜੁੜੀ ਇਕ ਇਤਿਹਾਸਕ ਪਹਿਲ ਹੈ | ਸਾਫ਼ ਗੈਸ ਦੀ ਵਰਤੋਂ ਨਾਲ ਜਿੱਥੇ ਮਹਿਲਾਵਾਂ ਨੂੰ ਧੂੰਏਾ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ, ਉੱਥੇ ਉਨ੍ਹਾਂ ਦਾ ਜੀਵਨ ਵੀ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਸੁਰੱਖਿਅਤ ਹੋਇਆ ਹੈ | ਉਨ੍ਹਾਂ ਦੱਸਿਆ ਕਿ ਯੋਜਨਾ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਰੱਖੀ ਗਈ ਹੈ, ਤਾਂ ਜੋ ਆਮ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆਵੇ | ਇੱਛੁਕ ਅਤੇ ਯੋਗ ਲਾਭਪਾਤਰੀ ਜ਼ਿਲ੍ਹਾ ਭਾਜਪਾ ਦਫ਼ਤਰ ਦੁੱਨੇਕੇ ਨਾਲ ਸੰਪਰਕ ਕਰ ਕੇ ਆਨਲਾਈਨ ਅਰਜ਼ੀਆਂ ਭਰ ਸਕਦੇ ਹਨ ਅਤੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਡਾ. ਹਰਜੋਤ ਕਮਲ ਨੇ ਮੋਗਾ ਜ਼ਿਲ੍ਹੇ ਦੇ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ-ਹਿਤੈਸ਼ੀ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ |