ਮੋਦੀ ਸਰਕਾਰ ਨੇ ਸਫਲ ਚੱਲ ਰਹੇ ਮਨਰੇਗਾ ਕਾਨੂੰਨ ਨੂੰ ਬਦਲ ਕੇ ਨਵਾਂ ਕਾਨੂੰਨ ਲਿਆਂਦਾ-ਮਾਲਵਿਕਾ ਸੂਦ
ਅਜੀਤ ਡੈਸਕ
23-12-2025
ਮੋਗਾ, 22 ਦਸੰਬਰ (ਸੁਰਿੰਦਰਪਾਲ ਸਿੰਘ)-ਮੋਦੀ ਸਰਕਾਰ ਨੇ ਸਫਲ ਚੱਲ ਰਹੇ ਨਰੇਗਾ ਕਾਨੂੰਨ ਨੂੰ ਬਦਲ ਕੇ ਨਵਾਂ ਕਾਨੂੰਨ ਲਿਆਂਦਾ ਗਿਆ ਹੈ | ਇਸ ਸਬੰਧੀ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਕਿ ਮੋਦੀ ਸਰਕਾਰ ਨੇ 20 ਸਾਲ ਪੁਰਾਣੇ ਚੰਗੀ ਤਰ੍ਹਾਂ ਚੱਲ ਰਹੇ ਮਨਰੇਗਾ ਕਾਨੂੰਨ ਨੂੰ ਬਦਲ ਕੇ ਨਵਾਂ ਕਾਨੂੰਨ ਲਿਆਂਦਾ ਹੈ ਜੋ ਕਿ ਮਨਰੇਗਾ ਕਾਮਿਆਂ ਅਤੇ ਗ਼ਰੀਬਾਂ ਦੇ ਹੱਕਾਂ 'ਤੇ ਸਰਾਸਰ ਡਾਕਾ ਮਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲੇ ਕਾਨੂੰਨ ਵਿਚ ਮਜ਼ਦੂਰ ਨੂੰ ਕੰਮ ਮੰਗਣ ਦਾ ਕਾਨੂੰਨੀ ਹੱਕ ਹਾਸਲ ਸੀ ਜਦੋਂ ਮਜ਼ਦੂਰ ਕੰਮ ਮੰਗਦਾ ਸੀ ਤਾਂ ਸਰਕਾਰ ਦੀ ਕਾਨੂੰਨੀ ਜ਼ਿੰਮੇਵਾਰੀ ਹੁੰਦੀ ਸੀ ਕਿ ਮਜ਼ਦੂਰਾਂ ਨੂੰ ਕੰਮ ਦੇਣਾ | ਹੁਣ ਨਵੇਂ ਕਾਨੂੰਨ ਵਿਚ ਕੰਮ ਦੇਣਾ ਜਾਂ ਨਹੀਂ ਸਰਕਾਰ ਦੀ ਮਰਜ਼ੀ 'ਤੇ ਨਿਰਭਰ ਹੈ | ਯਾਨੀ ਕਿ ਹੁਣ ਕੰਮ ਮੰਗਣ ਦਾ ਹੱਕ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਪਹਿਲਾਂ ਮਜ਼ਦੂਰਾਂ ਨੂੰ ਦਿਹਾੜੀ ਦੇ 90 ਫ਼ੀਸਦੀ ਪੈਸੇ ਕੇਂਦਰ ਸਰਕਾਰ ਵਲੋਂ ਦਿੱਤੇ ਜਾਂਦੇ ਸੀ ਤੇ 10 ਫ਼ੀਸਦੀ ਸੂਬਾ ਸਰਕਾਰ ਦਿੰਦੀ ਸੀ ਪਰ ਹੁਣ ਨਵੇਂ ਕਾਨੂੰਨ ਮੁਤਾਬਿਕ ਮੋਦੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਸੂਬਾ ਸਰਕਾਰ 40 ਫ਼ੀਸਦੀ ਦੇਵੇ ਅਤੇ 60 ਫ਼ੀਸਦੀ ਕੇਂਦਰ ਸਰਕਾਰ ਦੇਵੇਗੀ | ਉਨ੍ਹਾਂ ਕਿਹਾ ਕਿ ਸੂਬਿਆਂ ਦੇ ਵਿੱਤੀ ਹਾਲਾਤ ਪਹਿਲਾਂ ਹੀ ਮਾੜੇ ਹਨ | ਜੇਕਰ ਸੂਬੇ ਕੋਲ ਪੈਸੇ ਨਾ ਹੋਣ ਤਾਂ ਦਿਹਾੜੀਆਂ ਦੇ ਪੈਸੇ ਦੀ ਅਦਾਇਗੀ ਮਹੀਨਿਆਂ ਬੰਦੀ ਲਟਕ ਸਕਦੀ ਹੈ | ਗ਼ਰੀਬਾਂ ਵਲੋਂ ਕੀਤੇ ਹੋਏ ਕੰਮ ਦਾ ਮਿਹਨਤਾਨਾ ਵੀ ਜਲਦੀ ਨਹੀਂ ਮਿਲੇਗਾ | ਉਨ੍ਹਾਂ ਕਿਹਾ ਕਿ ਨਵੇਂ ਬਣੇ ਕਾਨੂੰਨ ਨਾਲ ਪਿੰਡਾਂ ਦੀ ਪੰਚਾਇਤ ਦੀ ਤਾਕਤ ਘੱਟ ਜਾਵੇਗੀ | ਪਹਿਲਾਂ ਵਾਲੇ ਕਾਨੂੰਨ ਵਿਚ ਪਿੰਡ ਦੀ ਪੰਚਾਇਤ ਜਾਂ ਗਰਾਮ ਸਭਾ ਤਹਿ ਕਰ ਸਕਦੀ ਸੀ ਕਿ ਪਿੰਡ ਵਿਚ ਕੀ ਕੰਮ ਹੋਣਾ ਹੈ ਪਰ ਹੁਣ ਕੇਂਦਰ ਖ਼ੁਦ ਤੈਅ ਕਰੇਗੀ ਕੀ ਕੰਮ ਕਰਾਉਣਾ ਹੈ | ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ ਨਾਂਅ ਇਸ ਸਾਜ਼ਿਸ਼ ਤਹਿਤ ਨਵੇਂ ਕਾਨੂੰਨ ਤੋਂ ਹਟਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ ਸੁਪਨਾ ਸੀ ਕਿ ਸਰਕਾਰ ਪਿੰਡ ਵਿਚੋਂ ਚੱਲਣੀ ਚਾਹੀਦੀ ਹੈ | ਮਹਾਤਮਾ ਗਾਂਧੀ ਦੀ ਪਿੰਡਾਂ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਵਿਚ ਰਹਿੰਦੇ ਗ਼ਰੀਬਾਂ ਨੂੰ ਮਜ਼ਬੂਤ ਕਰਨ ਦੀ ਸੋਚ ਕਾਰਨ ਹੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਉਨ੍ਹਾਂ ਦੇ ਨਾਂਅ 'ਤੇ ਮਨਰੇਗਾ ਕਾਨੂੰਨ ਲਿਆਂਦਾ ਗਿਆ ਸੀ |
ਦਸਤਾਰ ਚੇਤਨਾ ਮਾਰਚ ਕਮੇਟੀ ਵਲੋਂ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਕੌਰ ਜੌਹਲ ਸਨਮਾਨਿਤ
ਮੋਗਾ, 22 ਦਸੰਬਰ (ਗੁਰਤੇਜ ਸਿੰਘ ਬੱਬੀ)-ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਗੁਰਸਿੱਖ ਬੀਬੀ ਗੁਰਪ੍ਰੀਤ ਕੌਰ ਜੌਹਲ ਧੱਲੇਕੇ ਵੱਡੀ ਲੀਡ ਨਾਲ ਜਿੱਤ ਕੇ ਬਲਾਕ ਸੰਮਤੀ ਮੈਂਬਰ ਬਣੇ | ਧੱਲੇਕੇ ਨਿਵਾਸੀ ਗੁਰਪ੍ਰੀਤ ਕੌਰ ਜੌਹਲ ਧੱਲੇਕੇ ਦੇ ਪਤੀ ਗੁਰਪ੍ਰੀਤ ਸਿੰਘ ਚੜ੍ਹਦੀ ਕਲਾ ਵਾਲੇ ਸਮੇਂ ਸਮੇਂ ਤੇ ਧਾਰਮਿਕ ਸਮਾਗਮ ਕਰਵਾ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵਾਧਾ ਕਰਨ ਲਈ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ | ਧਾਰਮਿਕ ਮਰਿਆਦਾ ਅਨੁਸਾਰ ਗੁਰਪ੍ਰੀਤ ਕੌਰ ਜੌਹਲ ਧੱਲੇਕੇ ਨੂੰ ਚੋਣ ਲੜ ਕੇ ਜਿੱਤਣ ਦੀ ਖ਼ੁਸ਼ੀ ਵਿਚ ਦਸਤਾਰ ਚੇਤਨਾ ਮਾਰਚ ਕਮੇਟੀ ਦੇ ਮੁੱਖ ਸੇਵਾਦਾਰ ਹਰਦਿਆਲ ਸਿੰਘ, ਜਗਰੂਪ ਸਿੰਘ ਜੱਗਾ, ਮਨਦੀਪ ਸਿੰਘ, ਕੁਲਵੰਤ ਸਿੰਘ, ਜਗਪ੍ਰੀਤ ਸਿੰਘ, ਹਰਪ੍ਰੀਤ ਸਿੰਘ ਧੱਲੇਕੇ ਹੋਰਾਂ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਗੁਰਪ੍ਰੀਤ ਕੌਰ ਜੌਹਲ ਧੱਲੇਕੇ ਅਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਜੌਹਲ ਚੜ੍ਹਦੀ ਕਲਾ ਵਾਲਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਦਸਤਾਰ ਚੇਤਨਾ ਮਾਰਚ ਕਮੇਟੀ ਦੇ ਮੁੱਖ ਸੇਵਾਦਾਰ ਹਰਦਿਆਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੁਰਪ੍ਰੀਤ ਕੌਰ ਜੌਹਲ ਧੱਲੇਕੇ ਅਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਜੌਹਲ ਇਕ ਪੂਰਨ ਗੁਰਸਿੱਖ ਹਨ ਅਤੇ ਉਨ੍ਹਾਂ ਦਾ ਸਿੱਖੀ ਨੂੰ ਪ੍ਰਫੁੱਲਿਤ ਕਰਨ ਵਿਚ ਵੱਡਾ ਯੋਗਦਾਨ ਹੈ ਇਸ ਲਈ ਉਨ੍ਹਾਂ ਨੂੰ ਦਸਤਾਰ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕਰਨ ਲਈ ਮਾਣ ਮਹਿਸੂਸ ਕਰਦੇ ਹਨ |