ਜ਼ਿਲ੍ਹੇ ਦੇ 353 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ
ਅਜੀਤ ਡੈਸਕ
24-12-2025
ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੇ ਸਮੂਹ 353 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮਾਪਿਆਂ ਨੇ ਉਤਸ਼ਾਹ ਭਰਪੂਰ ਸ਼ਮੂਲੀਅਤ ਕਰ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਨੂੰ ਜਾਣਿਆ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮੰਜੂ ਭਾਰਦਵਾਜ ਨੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਮੋਗਾ ਦੇ ਸਮੂਹ 353 ਸਰਕਾਰੀ ਸਕੂਲਾਂ ਪ੍ਰਾਇਮਰੀ ਵਿਚ ਵੱਡੀ ਗਿਣਤੀ ਵਿਚ ਮਾਪਿਆਂ, ਸਕੂਲ ਪ੍ਰਬੰਧਕ ਕਮੇਟੀਆਂ, ਲੋਕ ਪ੍ਰਤੀਨਿਧੀਆਂ, ਸਿੱਖਿਆ ਪ੍ਰੇਮੀਆਂ, ਐਨ.ਆਰ.ਆਈ. ਭੈਣ ਭਰਾਵਾਂ ਨੇ ਅਧਿਆਪਕਾਂ ਨਾਲ ਵਿਦਿਆਰਥੀਆਂ ਦੀ ਵਿੱਦਿਅਕ ਤਰੱਕੀ ਦੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਬੱਚਿਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜਾਣੀ | ਪੀ.ਟੀ.ਐਮ. ਨੇ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਅਰਥਪੂਰਨ ਸੰਵਾਦ ਦੀ ਸਹੂਲਤ ਪ੍ਰਦਾਨ ਕੀਤੀ ਜਿਸ ਨਾਲ ਉਹ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ, ਵਿਵਹਾਰ ਦੇ ਨਮੂਨੇ ਅਤੇ ਸਕੂਲ ਦੇ ਮਾਹੌਲ ਦੇ ਅੰਦਰ ਅਤੇ ਬਾਹਰ ਸਮੁੱਚੇ ਵਿਕਾਸ ਬਾਰੇ ਫੀਡਬੈਕ ਸਾਂਝੇ ਕਰਨ ਦੇ ਯੋਗ ਹੋਏ | ਅਧਿਆਪਕਾਂ ਨੇ ਦਸੰਬਰ ਮਹੀਨੇ ਦੇ ਇਮਤਿਹਾਨ ਦੇ ਨਤੀਜੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੀ ਵਿਅਕਤੀਗਤ ਕਾਰਗੁਜ਼ਾਰੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ | ਉਨ੍ਹਾਂ ਦੱਸਿਆ ਕਿ ਨਵੇਂ ਵਿੱਦਿਅਕ ਵਰ੍ਹੇ ਲਈ ਦਾਖ਼ਲਾ ਮੁਹਿੰਮ ਨੂੰ ਵੀ ਹੁਲਾਰਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਸ ਮੈਗਾ ਪੀ.ਟੀ.ਐਮ. ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਲੋਂ ਵੀ ਸਕੂਲਾਂ ਦਾ ਪ੍ਰੇਰਨਾਦਾਇਕ ਨਿਰੀਖਣ ਕੀਤਾ ਗਿਆ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੈਗਾ ਪੀ.ਟੀ.ਐਮ. ਲਈ ਸਕੂਲਾਂ ਨੂੰ ਵਿਸ਼ੇਸ਼ ਰੂਪ ਵਿਚ ਸਜਾਇਆ ਗਿਆ ਸੀ | ਸਕੂਲਾਂ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ | ਸਕੂਲ ਮੈਗਜ਼ੀਨਾਂ, ਪੋਸਟਰ ਅਤੇ ਪੈਂਫ਼ਲਿਟ ਜਾਰੀ ਕੀਤੇ ਗਏ | ਉਨ੍ਹਾਂ ਵਲੋਂ ਵੀ ਕੁਝ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਵਿਚ ਸ਼ਮੂਲੀਅਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਅੰਦਰ ਕਰਵਾਈ ਜਾਂਦੀ ਮਾਪੇ ਅਧਿਆਪਕ ਮਿਲਣੀ ਨਾਲ ਜਿੱਥੇ ਅਧਿਆਪਕ, ਮਾਪੇ ਤੇ ਵਿਦਿਆਰਥੀਆਂ ਦੀ ਨੇੜਤਾ ਵਧਦੀ ਹੈ ਉਸ ਦੇ ਨਾਲ ਹੀ ਸਕੂਲ ਦੀ ਪੜ੍ਹਾਈ ਦਾ ਮਾਹੌਲ ਸੁਖਾਵਾਂ ਬਣਦਾ ਹੈ | ਦੂਜੇ ਪਾਸੇ ਸਕੂਲ ਦੀ ਪੜ੍ਹਾਈ 'ਤੇ ਚੰਗਾ ਅਸਰ ਪੈਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਇਸ ਨਾਲ ਸਕੂਲਾਂ ਵਿਚ ਪੜ੍ਹਾਈ ਦੇ ਲੈਵਲ ਵਿਚ ਵੱਡਾ ਸੁਧਾਰ ਹੋਵੇਗਾ | ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਦੇ ਤੌਰ 'ਤੇ ਸਿੱਖਿਆ ਕੋਆਰਡੀਨੇਟਰ ਅਨਿਲ ਸ਼ਰਮਾ ਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ, ਸਰਕਾਰੀ ਪ੍ਰਾਇਮਰੀ ਸਕੂਲ ਗੋਧੇਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਵਿਚ ਸ਼ਿਰਕਤ ਕਰ ਮਾਪਿਆਂ ਅਤੇ ਪਤਵੰਤੇ ਸੱਜਣਾਂ ਨੂੰ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਉੱਚ ਮਿਆਰੀ ਸਿੱਖਿਆ ਵਿਚ ਪੰਜਾਬ ਦੇ ਭਾਰਤ ਭਰ ਵਿਚੋਂ ਪਹਿਲੇ ਨੰਬਰ ਉੱਤੇ ਪਹੁੰਚਣ ਬਾਰੇ ਜਾਣੂੰ ਕਰਵਾਇਆ | ਜ਼ਿਕਰਯੋਗ ਹੈ ਕਿ ਇਸ ਮੈਗਾ ਪੀ.ਟੀ.ਐਮ. ਨੂੰ ਸਫਲ ਬਣਾਉਣ ਲਈ ਇੰਚਾਰਜ ਪਿ੍ੰਸੀਪਲ ਡਾਈਟ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਅਕਾਦਮਿਕ ਸਪੋਰਟਸ ਗਰੁੱਪ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ, ਅਧਿਆਪਕਾਂ ਅਤੇ ਵਿਭਾਗੀ ਅਮਲੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ |