ਧਰਮਕੋਟ, 23 ਦਸੰਬਰ (ਪਰਮਜੀਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਜੋਨ ਨੰਬਰ 15 ਜਲਾਲਾਬਾਦ ਪੂਰਬੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਿੰਦਰਪਾਲ ਕੌਰ ਪੰਡੋਰੀ, ਪਤਨੀ ਹਰਦੀਪ ਸਿੰਘ ਔਲਖ ਨੇ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਦਰਜ ਕਰਦਿਆਂ ਇਲਾਕੇ ਦੀ ਸਿਆਸਤ ਵਿਚ ਇਕ ਨਵਾਂ ਅਧਿਆਇ ਲਿਖ ਦਿੱਤਾ ਹੈ | ਉਨ੍ਹਾਂ ਦੀ ਇਹ ਜਿੱਤ ਸਿਰਫ਼ ਇਕ ਚੋਣੀ ਕਾਮਯਾਬੀ ਨਹੀਂ ਸਗੋਂ ਇਮਾਨਦਾਰੀ, ਸਾਫ਼ ਸੂਰਤ ਅਤੇ ਲੋਕਾਂ ਨਾਲ ਜੁੜੀ ਸਿਆਸਤ ਦੀ ਵੱਡੀ ਜਿੱਤ ਵਜੋਂ ਵੀ ਦੇਖੀ ਜਾ ਰਹੀ ਹੈ | ਪੜ੍ਹੀ-ਲਿਖੀ, ਸੁਲਝੀ ਹੋਈ ਅਤੇ ਜ਼ਮੀਨੀ ਪੱਧਰ ਨਾਲ ਜੁੜੀ ਹਰਿੰਦਰਪਾਲ ਕੌਰ ਪੰਡੋਰੀ ਨੇ ਆਮ ਆਦਮੀ ਪਾਰਟੀ ਵਿਚ ਆਪਣਾ ਸਿਆਸੀ ਸਫ਼ਰ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਮਾਰਕੀਟ ਕਮੇਟੀ ਧਰਮਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਅਮਨ ਪੰਡੋਰੀ ਦੀ ਰਹਿਨੁਮਾਈ ਹੇਠ ਸ਼ੁਰੂ ਕੀਤਾ | ਦੋਹਾਂ ਆਗੂਆਂ ਦੀ ਪੇ੍ਰਰਨਾ ਅਤੇ ਸਹਿਯੋਗ ਨਾਲ ਉਹ ਮੈਦਾਨੀ ਸਿਆਸਤ ਵਿਚ ਉਤਰੀ ਅਤੇ ਘਰ-ਘਰ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਆਪਣੀ ਪਛਾਣ ਬਣਾਈ | ਚੋਣ ਮੁਹਿੰਮ ਦੌਰਾਨ ਹਰਿੰਦਰਪਾਲ ਕੌਰ ਪੰਡੋਰੀ ਨੇ ਦਿਖਾ ਦਿੱਤਾ ਕਿ ਦੌਲਤ ਅਤੇ ਦਬਦਬੇ ਦੀ ਨਹੀਂ, ਸਗੋਂ ਲੋਕਾਂ ਦੇ ਭਰੋਸੇ ਅਤੇ ਇਮਾਨਦਾਰੀ ਦੀ ਸਿਆਸਤ ਹੀ ਅਸਲ ਤਾਕਤ ਹੁੰਦੀ ਹੈ | ਉਨ੍ਹਾਂ ਦੀ ਲੋਕਪਿ੍ਅਤਾ ਅੱਗੇ ਉਹ ਸਾਰੇ ਕਾਂਗਰਸੀ ਨੇਤਾ ਪਿੱਛੇ ਰਹਿ ਗਏ, ਜੋ ਦੌਲਤ ਦੇ ਨਸ਼ੇ ਵਿਚ ਇਸ ਸੀਟ ਨੂੰ ਜਿੱਤਣ ਦੇ ਸੁਪਨੇ ਦੇਖ ਰਹੇ ਸਨ | ਨਤੀਜੇ ਵਜੋਂ ਜਨਤਾ ਨੇ ਸਾਫ਼ ਸੁਨੇਹਾ ਦਿੱਤਾ ਕਿ ਇਲਾਕੇ ਵਿੱਚ ਹੁਣ ਪੁਰਾਣੀ ਤਰ੍ਹਾਂ ਦੀ ਸਿਆਸਤ ਲਈ ਥਾਂ ਨਹੀਂ ਰਹੀ | ਇਸ ਮੌਕੇ ਹਰਿੰਦਰਪਾਲ ਕੌਰ ਪੰਡੋਰੀ ਨੇ ਕਿਹਾ ਕਿ ਉਨ੍ਹਾਂ ਦਾ ਇਕੱਲਾ ਟੀਚਾ ਜੋਨ ਅਤੇ ਪੂਰੇ ਇਲਾਕੇ ਦਾ ਸਰਬਾਂਗੀਣ ਵਿਕਾਸ ਕਰਨਾ ਹੈ | ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਸੜਕਾਂ, ਸਾਫ਼ ਪਾਣੀ ਅਤੇ ਨੌਜਵਾਨਾਂ ਦੇ ਰੋਜ਼ਗਾਰ ਨੂੰ ਪਹਿਲ ਦਿੱਤੀ ਜਾਵੇਗੀ | ਉਨ੍ਹਾਂ ਨੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੀ ਰਿਣੀ ਰਹਿਣਗੀਆਂ, ਜਿਨ੍ਹਾਂ ਨੇ ਉਨ੍ਹਾਂ 'ਤੇ ਭਰੋਸਾ ਕਰਕੇ ਸਿਆਸਤ ਵਿਚ ਲੋਕ ਸੇਵਾ ਦਾ ਮੌਕਾ ਦਿੱਤਾ |
ਹਰਿੰਦਰਪਾਲ ਕੌਰ ਪੰਡੋਰੀ ਦੀ ਇਤਿਹਾਸਕ ਜਿੱਤ, ਇਮਾਨਦਾਰੀ ਤੇ ਲੋਕ ਸੇਵਾ ਦੀ ਸਿਆਸਤ ਨੂੰ ਮਿਲੀ ਵੱਡੀ ਮਾਨਤਾ
ਅਜੀਤ ਡੈਸਕ
24-12-2025