ਅਜੀਤਵਾਲ, 29 ਦਸੰਬਰ (ਹਰਦੇਵ ਸਿੰਘ ਮਾਨ)-ਡੇਰਾ ਸਮਾਧਾਂ ਬਾਬਾ ਖਜਾਨ ਸਿੰਘ (ਨਿਰਮਲ ਆਸ਼ਰਮ)-ਅਜੀਤਵਾਲ ਵਿਖੇ ਨਗਰ ਤੇ ਇਲਾਕਾ ਵਾਸੀ ਸੰਗਤਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਉਂਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਇਨ੍ਹਾਂ ਸਮਾਗਮਾਂ ਦੌਰਾਨ ਤਿੰਨ ਦਿਨ ਅਸਥਾਨ ਦੇ ਹਜ਼ੂਰੀ ਰਾਗੀ ਭਾਈ ਬਿਕਰਮ ਸਿੰਘ, ਭਾਈ ਪਰਮਜੀਤ ਸਿੰਘ ਦੇ ਰਾਗੀ ਜਥੇ ਵਲੋਂ ਅੰਮਿ੍ਤ ਵੇਲੇ ਆਸਾ ਦੀ ਵਾਰ ਸਮੇਤ ਗੁਰਬਾਣੀ ਕੀਰਤਨ ਤੇ ਸ਼ਾਮ ਨੂੰ ਗੁਰਬਾਣੀ ਕਥਾ-ਕੀਰਤਨ ਦੇ ਪ੍ਰਵਾਹ ਚਲਾਏ ਗਏ | ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਹਰਚਰਨ ਸਿੰਘ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਨ ਜੀਵਨ ਸੰਬੰਧੀ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਤੇ ਗੁਰੂ ਸਾਹਿਬ ਵਲੋਂ ਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਦਿੱਤੇ ਜੀਵਨ ਸਿਧਾਂਤਾਂ 'ਤੇ ਚੱਲਦਿਆਂ ਜੀਵਨ ਸਫ਼ਲ ਕਰਨ ਦੇ ਦਿੱਤੇ ਉਪਦੇਸ਼ ਸਬੰਧੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਵਾਲੇ ਬਣਨ ਦੀ ਬੇਨਤੀ ਕੀਤੀ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਨੇ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ | ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |