ਧੂਰੀ, 31 ਮਈ (ਲਖਵੀਰ ਸਿੰਘ ਧਾਂਦਰਾ)-ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਸ਼ੁਭੀ ਨੇ ਹਲਕਾ ਧੂਰੀ ਵਿਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੇ ਬੋਲਦਿਆਂ ਸ਼ੁਭਮ ਸ਼ਰਮਾ ਸ਼ੁਭੀ ਨੇ ਦੱਸਿਆ ਕਿ ਉਹ ਹਲਕੇ ਦੇ ਪਿੰਡਾ ਵਿਚ ਹਰ ਰੋਜ਼ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦੌਰਾਨ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਸਰਕਾਰ ਦੀਆ ਮਾਰੂ ਨੀਤੀਆਂ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਦੇ ਹਨ | ਉਨ੍ਹਾਂ ਪਿੰਡ ਈਸੀ ਵਿਖੇ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਹੋਣ ਦੇ ਬਾਵਜੂਦ ਵੀ ਧੂਰੀ ਵਿਕਾਸ ਅਤੇ ਹੋਰ ਬੁਨਿਆਦੀ ਸਹੂਲਤਾਂ ਤੋ ਪਛੜ ਗਿਆ ਹੈ | ਉਨ੍ਹਾਂ ਕਿਹਾ 2022 ਦੀਆ ਵਿਧਾਨ ਸਭਾ ਵੋਟਾਂ ਵਿਚ ਧੂਰੀ ਦੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਸਨ ਜੋ ਕਿ ਜ਼ਮੀਨੀ ਹਕੀਕਤ ਤੋ ਬਹੁਤ ਦੂਰ ਹਨ | ਉਨ੍ਹਾਂ ਕਿਹਾ ਕਿ ਜੇਕਰ ਲੋਕ ਕੁਰਸੀ ਦੇ ਸਕਦੇ ਹਨ ਤਾਂ ਲੋਕ ਕੁਰਸੀ ਤੋ ਲਾਹ ਵੀ ਸਕਦੇ ਹਨ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਮਸਲੇ ਚੁੱਕਦੇ ਰਹਿਣਗੇ ਅਤੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਸੰਘਰਸ਼ ਕਰਦੇ ਰਹਿਣਗੇ |