ਅਮਰਗੜ੍ਹ, 2 ਜੂਨ (ਪਵਿੱਤਰ ਸਿੰਘ)-ਸਮਾਜ ਅੰਦਰ ਪਿਛਲੇ ਲੰਮੇ ਸਮੇਂ ਤੋਂ 'ਸਾਦੇ ਵਿਆਹ ਸਾਦੇ ਭੋਗ ਨਾਂ ਕਰਜ਼ਾ ਨਾ ਚਿੰਤਾ ਰੋਗ' ਦਾ ਸੁਨੇਹਾ ਦਿੰਦੀ ਆ ਰਹੀ ਸਮਾਜ ਸੇਵੀ ਸੰਸਥਾ ਸਮਾਜ ਸੁਧਾਰ ਵੈੱਲਫੇਅਰ ਸੁਸਾਇਟੀ ਰਜਿ ਅਮਰਗੜ੍ਹ ਵਲੋਂ ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ ਦੀ ਅਗਵਾਈ ਵਿਚ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ਫ਼ੀਸ ਭਰ ਕੇ ਉਨ੍ਹਾਂ ਨੂੰ ਉਚੇਰੀ ਵਿੱਦਿਆ ਪ੍ਰਧਾਨ ਕਰਨ ਦਾ ਬੀੜਾ ਚੁੱਕਦਿਆਂ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ | ਸਰਕਾਰੀ ਕਾਲਜ ਅਮਰਗੜ੍ਹ ਦੇ ਪਿ੍ੰਸੀਪਲ ਮੈਡਮ ਮੀਨੂ ਜਿੰਦਲ ਨਾਲ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਖ਼ਾਲਸਾ ਸਾਬਕਾ ਸਰਪੰਚ ਹੁਸੈਨਪੁਰਾ ਨੇ ਦੱਸਿਆ ਕਿ ਅਸੀਂ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਹਰ ਮਹੀਨੇ ਕੁੱਝ ਮਾਇਆ ਇਕੱਠੀ ਕਰਦੇ ਹਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ਫ਼ੀਸ ਦਾ ਪ੍ਰਬੰਧ ਕਰਦੇ ਹਾਂ, ਪਿਛਲੇ ਸਾਲ ਤੋਂ ਅਸੀਂ ਇਹ ਕਾਰਜ ਸ਼ੁਰੂ ਕੀਤਾ ਹੈ ਅਤੇ ਇਸ ਸਾਲ ਵੀ ਕੁੱਝ ਵਿਦਿਆਰਥਣਾਂ ਦੀ ਫ਼ੀਸ ਦਾ ਪ੍ਰਬੰਧ ਸੋਸਾਇਟੀ ਵਲੋਂ ਕੀਤਾ ਜਾਵੇਗਾ ਤਾਂ ਜੋ ਕਾਲਜ ਦੀ ਫ਼ੀਸ ਭਰਨ ਤੋਂ ਅਸਮਰਥ ਵਿਦਿਆਰਥੀ ਵੀ ਉਚੇਰੀ ਵਿੱਦਿਆ ਹਾਸਲ ਕਰ ਕੇ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਅਤੇ ਚੰਗੇ ਨਾਗਰਿਕ ਬਣ ਸਕਣ | ਸਰਕਾਰੀ ਕਾਲਜ ਅਮਰਗੜ੍ਹ ਦੇ ਪਿ੍ੰਸੀਪਲ ਮੈਡਮ ਮੀਨੂ ਜਿੰਦਲ ਨੇ ਸੋਸਾਇਟੀ ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ ਅਤੇ ਸਮੁੱਚੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਵਿੱਦਿਆ ਹੀ ਸਭ ਤੋਂ ਉੱਤਮ ਦਾਨ ਹੈ ਜਿਸ ਨੂੰ ਗ੍ਰਹਿਣ ਕਰ ਕੇ ਸਾਡੇ ਨੌਜਵਾਨ ਆਪਣਾ ਭਵਿੱਖ ਸਵਾਰ ਸਕਦੇ ਹਨ | ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਡਾ. ਗੁਰਜੰਟ ਸਿੰਘ ਅਤੇ ਪ੍ਰੋਫੈਸਰ ਜਗਜੀਤ ਸਿੰਘ ਹਰੀ ਵੀ ਮੌਜੂਦ ਸਨ |