ਸੰਗਰੂਰ, 2 ਜੂਨ (ਧੀਰਜ ਪਸ਼ੋਰੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ, ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਰਾਧਾਰ ਤੇ ਬੇਤੁਕੀ ਬਿਆਨਬਾਜ਼ੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਜਥੇਬੰਦੀਆਂ ਦੀ ਤਾਕਤ ਤੋਂ ਬੌਖਲਾਹਟ ਵਿਚ ਹਨ ਕਿਉਂਕਿ ਕੋਈ ਵੀ ਵਿਰੋਧੀ ਧਿਰ ਤੱਕੜੀ ਨਾ ਹੋਣ ਕਰ ਕੇ ਇਹ ਸਾਰਾ ਰੋਲ ਕਿਸਾਨ ਜਥੇਬੰਦੀਆਂ ਦੇ ਆਗੂ ਹੀ ਅਦਾ ਕਰ ਰਹੇ ਹਨ। ਇਸ ਕਰ ਕੇ ਮੁੱਖ ਮੰਤਰੀ ਕਿਸਾਨ ਆਗੂਆਂ ਨੂੰ ਲੋਕਾਂ ਦੇ ਵਿਚ ਬਦਨਾਮ ਕਰ ਕੇ ਤੇ ਯੂਨੀਅਨ ਨੂੰ ਲੋਕਾਂ ਵਿਚੋਂ ਨਿਖੇੜ ਕੇ ਆਪਣੇ ਕਾਰਪੋਰੇਟ ਪੱਖੀ ਹਿਤ ਪੂਰਨ ਤੇ ਲੱਗੇ ਹੋਏ ਹਨ। ਇਨਾਂ ਵਿਚ ਮੁੱਖ ਮੰਤਰੀ ਕਦੇ ਵੀ ਸਫਲ ਨਹੀਂ ਹੋ ਸਕਦੇ। ਉਨ੍ਹਾਂ ਨੂੰ ਇਹ ਭਰਮ ਭੁਲੇਖੇ ਆਪਣੇ ਮਨ ਅੰਦਰੋਂ ਸਦਾ ਲਈ ਕੱਢ ਦੇਣੇ ਚਾਹੀਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਨੇ ਕਿਹਾ ਕਿ ਉਹ ਜਥੇਬੰਦੀ ਵਲੋਂ ਇਸ ਗੱਲ ਲਈ ਸਹਿਮਤ ਹਨ ਕਿ ਸਾਰੇ ਆਗੂਆਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ। ਬੈਂਕ ਖਾਤੇ ਖੰਘਾਲੇ ਜਾਣੇ ਚਾਹੀਦੇ ਹਨ ਤੇ ਨਾਲ ਦੀ ਨਾਲ ਭਗਵੰਤ ਮਾਨ ਸਰਕਾਰ ਦੇ ਐਮ.ਐਲ.ਏ ਅਤੇ ਇਨਾਂ ਦੇ ਮੰਤਰੀ ਤੇ ਹੋਰ ਅਹੁਦਿਆਂ 'ਤੇ ਬਿਰਾਜਮਾਨ ਉਨ੍ਹਾਂ ਸਾਰੇ ਆਗੂਆਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਰਾਜ ਨਹੀਂ ਸੇਵਾ ਦਾ ਹੋਕਾ ਦੇ ਕੇ ਕੁਰਸੀਆਂ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਲੋਕਾਂ ਦੀ ਲੁੱਟ ਕਰਨ ਤੇ ਲੱਗੇ ਹੋਏ ਹਨ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਚਾਹੀਦਾ ਹੈ, ਉਹ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਨੂੰ ਦਬਾਉਣ ਵਾਸਤੇ ਪੰਜਾਬ ਪੁਲਿਸ ਦੀਆਂ ਮੁਹਾਰਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ। ਇਸੇ ਕਾਰਨ ਆਗੂਆਂ ਨੂੰ ਫੜਨ ਵਾਸਤੇ ਪੁਲਿਸ ਕੰਧਾਂ ਟੱਪਦੀ ਹੈ ਤੇ ਪਰਿਵਾਰ ਨੂੰ ਗ਼ਲਤ ਸ਼ਬਦਾਵਲੀ ਵਰਤ ਕੇ ਪਰਿਵਾਰਕ ਦਬਾਅ ਆਗੂਆਂ ਤੇ ਬਣਾਉਣਾ ਚਾਹੁੰਦੇ ਹਨ, ਇਹ ਕਿਸੇ ਵੀ ਹਾਲਤ ਵਿਚ ਸੰਭਵ ਨਹੀਂ ਹੋ ਸਕਦਾ ਕਿਉਂਕਿ ਸਾਡੇ ਪੰਜਾਬ ਦੀ ਖ਼ਾਸੀਅਤ ਹੈ ਕਿ ਜਿੰਨਾ ਵੀ ਆਗੂਆਂ ਉੱਤੇ ਪੁਲਿਸ ਜਬਰ ਕਰੇਗੀ ਉਹਨੀਂ ਹੀ ਹਮਦਰਦੀ ਆਗੂਆਂ ਦੇ ਨਾਲ ਲੋਕਾਂ ਦੀ ਜੁੜੇਗੀ। ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਵਾਸਤੇ ਬਿਨਾਂ ਮੁਆਵਜ਼ਾ ਦਿੱਤੇ ਡਾਂਗ ਦੇ ਜ਼ੋਰ ਨਾਲ ਕਿਸਾਨਾਂ ਤੋਂ ਜਬਰੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਵੱਡੀ ਪੱਧਰ 'ਤੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਬਜ਼ੁਰਗ ਕਿਸਾਨਾਂ ਦੇ ਹੱਥ ਕੜੀਆਂ ਲਾ ਕੇ ਪੁਲਿਸ ਇਸ ਗੱਲ ਦਾ ਅਹਿਸਾਸ ਕਰਾਉਣ ਤੇ ਲੱਗੀ ਹੋਈ ਹੈ ਕਿ ਲੋਕ ਪੱਖੀ ਕਾਰਜ ਮੁਜਰਮਾਂ ਦੀ ਕਤਾਰ ਵਿਚ ਆਉਂਦੇ ਹਨ। ਕਿਸਾਨਾਂ ਦਾ ਮਨੋਬਲ ਗਿਰਾਓੁਨ ਵਾਸਤੇ ਪੂਰੇ ਹੱਥ ਕੰਡੇ ਵਰਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਚੁੱਕਿਆ ਕਿਉਂਕਿ ਪੰਜਾਬ ਪੁਲਿਸ ਸਿਰਫ਼ ਤੇ ਸਿਰਫ਼ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਤੁੰਨ ਰਹੀ ਹੈ ਪਰ ਵੱਡੇ-ਵੱਡੇ ਮਗਰਮੱਛ ਤੇ ਵੱਡੀਆਂ-ਵੱਡੀਆਂ ਮੱਛੀਆਂ ਅੱਜ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮਿਲੇ ਟਾਰਗੈਟ ਨੂੰ ਪੂਰਾ ਕਰਨ ਵਾਸਤੇ ਪੰਜਾਬ ਪੁਲਿਸ ਇਨਸਾਫ਼ ਪਸੰਦ ਲੋਕਾਂ ਉੱਪਰ ਤਸ਼ੱਦਦ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਰਹੀ ਹੈ ਕਿੰਨੀਆਂ ਹੀ ਮੌਤਾਂ ਪੰਜਾਬ ਅੰਦਰ ਪੁਲਿਸ ਦੇ ਜਬਰ ਕਾਰਨ ਹੋ ਚੁੱਕੀਆਂ ਹਨ ਜਿਸ ਦੀ ਤਾਜ਼ਾ ਉਦਾਹਰਨ ਨਰਿੰਦਰ ਦੀਪ ਸਿੰਘ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਲੋਕਤੰਤਰ ਨੂੰ ਬਹਾਲ ਕਰਦਿਆਂ ਗ੍ਰਿਫ਼ਤਾਰ ਕੀਤੇ ਸਾਰੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ ਅਤੇ ਯੁੱਧ ਨਸ਼ਿਆਂ ਵਿਰੁੱਧ ਦੀ ਆੜ ਹੇਠ ਆਮ ਲੋਕਾਂ ਨੂੰ ਜਬਰ ਕਰ ਕੇ ਮੌਤ ਦੇ ਘਾਟ ਉਤਾਰ ਰਹੇ ਦੋਸ਼ੀ ਅਫ਼ਸਰਾਂ ਨੂੰ ਸਖਤ ਸਜ਼ਾਵਾਂ ਦਾ ਪ੍ਰਬੰਧ ਪ੍ਰਬੰਧ ਕਰੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਚੈਲੰਜ ਕਬੂਲ ਕਰਦੇ ਹਾਂ ਕਿਸਾਨੀ ਮੁੱਦਿਆਂ ਦੇ ਉੱਤੇ ਬਹਿਸ ਕਰਨ ਲਈ ਸਮਾਂ ਤੇ ਸਥਾਨ ਮੁੱਖ ਮੰਤਰੀ ਸਾਹਿਬ ਤੈਅ ਕਰਨ। ਉਹ ਦਿੱਤੇ ਹੋਏ ਸਮੇਂ ਉੱਤੇ ਹਰ ਹਾਲਤ ਪਹੁੰਚਣਗੇ। ਅੱਜ ਪੰਜਾਬ ਦਾ ਸਮੁੱਚਾ ਕਿਸਾਨ ਭਾਈਚਾਰਾ ਨਿਰਾਸਤਾ ਦੇ ਆਲਮ ਵਿਚ ਹੈ ਤੇ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਅਤੇ ਆਪਣੇ ਹੱਕ ਪ੍ਰਾਪਤ ਕਰਨ ਲਈ ਕਦੇ ਵੀ ਪਿੱਛੇ ਨਹੀਂ ਹਟੇਗਾ। ਜੇਕਰ ਵੱਖ ਵੱਖ ਜੇਲ੍ਹਾਂ ਵਿਚ ਬੰਦ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੀ ਬਿਆਨਬਾਜ਼ੀ ਨੂੰ ਬੇਤੁਕਾ ਦੱਸਿਆ
ਅਜੀਤ ਡੈਸਕ
03-06-2025