ਮਸਤੂਆਣਾ ਸਾਹਿਬ, 4 ਜੂਨ (ਦਮਦਮੀ) - ਨਿਸ਼ਕਾਮ ਸੇਵਾ ਫਾਊਾਡੇਸ਼ਨ ਮਸਤੂਆਣਾ ਸਾਹਿਬ ਵਲੋਂ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ 5 ਜੂਨ ਨੂੰ ਸਵ. ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਦੀ ਨਿੱਘੀ ਯਾਦ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਮਸਤੂਆਣਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਨਿਸ਼ਕਾਮ ਸੇਵਾ ਫਾਊਾਡੇਸ਼ਨ ਦੇ ਆਗੂ ਬਿੱਟੂ ਬੀਰਕਲਾਂ ਹੋਰਾਂ ਨੇ ਦੱਸਿਆ ਕਿ ਸ਼ੰਕਰਾ ਅੱਖਾਂ ਦੇ ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਨੂੰ ਜਿੱਥੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ, ਉੱਥੇ ਸ਼ੰਕਰਾ ਅੱਖਾਂ ਦਾ ਹਸਪਤਾਲ ਦੇ ਡਾਕਟਰਾਂ ਵਲੋਂ ਲੈਂਜ ਪਾਏ ਜਾਣਗੇ | ਇਸ ਮੌਕੇ ਐਡਵੋਕੇਟ ਵਿਸ਼ਵ ਕੁਮਾਰ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਲੋੜਵੰਦ ਵਿਅਕਤੀਆਂ ਨੂੰ ਅੱਖਾਂ ਚੈੱਕਅਪ ਕਰਵਾਉਣ ਸਬੰਧੀ ਅਨਾਉਂਸਮੈਂਟਾਂ ਕਰਵਾਈਆਂ ਗਈਆਂ ਹਨ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਇਸ ਕੈਂਪ ਵਿੱਚ ਆਪਣੀਆਂ ਅੱਖਾਂ ਚੈੱਕਅਪ ਕਰਵਾਉਣ ਤੋਂ ਵਾਂਝਾ ਨਾ ਰਹੇ | ਕੌਂਸਲ ਦੇ ਸੀਨੀਅਰ ਮੈਂਬਰ ਗੁਰਜੰਟ ਸਿੰਘ ਦੁੱਗਾਂ ਅਤੇ ਭਾਈ ਸਤਨਾਮ ਸਿੰਘ ਮਸਤੂਆਣਾ ਹੋਰਾਂ ਨੇ ਦੱਸਿਆ ਕਿ ਅੱਖਾਂ ਚੈੱਕਅਪ ਕਰਵਾਉਂਣ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਤੌਰ 'ਤੇ ਸੂਚਿਤ ਕੀਤਾ ਗਿਆ ਹੈ ਕਿ ਉਹ ਆਪੋ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਦੋ ਦੋ ਫੋਟੋਆਂ ਨਾਲ ਲੈ ਕੇ ਆਉਂਣ |