ਮਲੇਰਕੋਟਲਾ, 4 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਬਕਾ ਕੇਂਦਰੀ ਮੰਤਰੀ ਤੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਵਿਛੋੜੇ 'ਤੇ ਜ਼ਿਲ੍ਹਾ ਮਲੇਰਕੋਟਲਾ ਦੀਆਂ ਸੀਨੀਅਰ ਸਿਆਸੀ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਢੀਂਡਸਾ ਦੇ ਇਸ ਸੰਸਾਰ ਤੋਂ ਚਲੇ ਜਾਣ ਨੂੰ ਪੰਥ ਤੇ ਪੰਜਾਬ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਉਨ੍ਹਾਂ ਕਿਹਾ ਕਿ ਪੰਜਾਬ ਨੇ ਹਰਮਨ ਪਿਆਰੇ ਇੱਕ ਕੌਮੀ ਆਗੂ ਨੂੰ ਖੋ ਲਿਆ ਹੈ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਸੀਨੀਅਰ ਆਗੂ ਜਸਵੀਰ ਸਿੰਘ ਦਿਓਲ, ਗਿਆਨੀ ਅਮਰ ਸਿੰਘ ਐਮ.ਡੀ. ਦਸਮੇਸ਼ ਕੰਬਾਈਨ, ਜਥੇਦਾਰ ਗੁਰਜੀਵਨ ਸਿੰਘ ਸਰੌਦ ਇੰਚਾਰਜ ਪੰਥਕ ਅਕਾਲੀ ਲਹਿਰ ਹਲਕਾ ਪਾਇਲ, ਚੌਧਰੀ ਅਬਦੁੱਲ ਗੱਫਾਰ ਸਾਬਕਾ ਮੰਤਰੀ, ਜਥੇਦਾਰ ਭਗਵੰਤ ਸਿੰਘ ਭੱਟੀਆਂ, ਚੇਅਰਮੈਨ ਹਰਬੰਸ ਸਿੰਘ ਚੌਂਦਾ, ਜਗਵੰਤ ਸਿੰਘ ਜੱਗੀ ਕੌਂਸਲਰ ਅਹਿਮਦਗੜ੍ਹ, ਚੇਅਰਮੈਨ ਜਗਤਾਰ ਸਿੰਘ ਜੱਗੀ ਝਨੇਰ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਸਾਬਕਾ ਸਰਪੰਚ ਰਾਮ ਸਿੰਘ ਮੰਨਵੀ, ਪ੍ਰਧਾਨ ਦਲਬਾਰਾ ਸਿੰਘ ਚਹਿਲ ਅਤੇ ਸਾਬਕਾ ਸਰਪੰਚ ਸਤਿੰਦਰ ਸਿੰਘ ਸੇਹਕੇ ਨੇ ਕਿਹਾ ਕਿ ਅਕਾਲੀ ਦਲ ਨੂੰ ਸੁਖਦੇਵ ਸਿੰਘ ਢੀਂਡਸਾ ਵਰਗੇ ਨੇਤਾਵਾਂ ਦੀ ਲੋੜ ਹੈ | ਜਿਨ੍ਹਾਂ ਨੇ ਲਗਭਗ ਪੂਰੀ ਜ਼ਿੰਦਗੀ ਇਕੋ ਪਾਰਟੀ ਵਿਚ ਰਹਿ ਕੇ ਪੰਜਾਬੀਆਂ ਦੀ ਸੇਵਾ ਕੀਤੀ | ਉਨ੍ਹਾਂ ਕਿਹਾ ਢੀਂਡਸਾ ਦੇ ਚਲੇ ਜਾਣ ਦਾ ਸਾਨੂੰ ਬਹੁਤ ਦੁੱਖ ਹੋਇਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜੋ ਵਿਕਾਸ ਦੀ ਇਬਾਰਤ ਲਿਖੀ ਗਈ, ਉਸ ਨੂੰ ਸਦਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੇ ਲੋਕ ਢੀਂਡਸਾ ਨੂੰ ਵਿਕਾਸ ਪੁਰਸ਼ ਵਜੋਂ ਯਾਦ ਕਰਦੇ ਹਨ | ਇਸ ਮੌਕੇ ਢੀਂਡਸਾ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ 'ਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਪ੍ਰਦਮਨ ਸਿੰਘ ਦਲੇਲਗੜ੍ਹ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਜਥੇਦਾਰ ਹਰਦੇਵ ਸਿੰਘ ਸੇਹਕੇ, ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ, ਜਥੇਦਾਰ ਬਲਦੇਵ ਸਿੰਘ ਜੈਨਪੁਰ ਤੇ ਪ੍ਰਦੀਪ ਸਿੰਘ ਚੌਂਦਾ ਸ਼ਾਮਲ ਹਨ |
ਸਾਬਕਾ ਕੇਂਦਰੀ ਮੰਤਰੀ ਢੀਂਡਸਾ ਦੇ ਵਿਛੋੜੇ 'ਤੇ ਜ਼ਿਲ੍ਹਾ ਮਲੇਰਕੋਟਲਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਦੁੱਖ ਪ੍ਰਗਟ
ਗੱਲਬਾਤ ਕਰਦੇ ਹੋਏ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਦਿਓਲ, ਗਿਆਨੀ ਅਮਰ ਸਿੰਘ, ਜਥੇਦਾਰ ਸਰੌਦ, ਜਥੇਦਾਰ ਭੱਟੀਆਂ, ਬਾਲੇਵਾਲ, ਮੰਨਵੀ ਤੇ ਹੋਰ ਆਗੂ | ਤਸਵੀਰ: ਸਰੌਦ<br/>
05-06-2025