ਮਲੇਰਕੋਟਲਾ, 4 ਜੂਨ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਵਲੋਂ ਜ਼ਿਲ੍ਹੇ ਭਰ 'ਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਿੱਢੀ ਗਈ ਬੇਕਿਰਕ ਮੁਹਿੰਮ ਤਹਿਤ ਜਿੱਥੇ ਵੱਡੀ ਗਿਣਤੀ 'ਚ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਦਿਆਂ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਡੱਕਿਆ ਹੈ | ਉੱਥੇ ਹੀ ਗ਼ਲਤ ਸੰਗਤ ਦਾ ਸ਼ਿਕਾਰ ਹੋ ਚੁੱਕੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਣ ਲਈ ਦਿਨ ਰਾਤ ਸਿਰਤੋੜ ਮਿਹਨਤ ਕਰ ਕੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਸਹੀ ਤਰੀਕੇ ਨਾਲ ਇਲਾਜ ਕਰਵਾ ਕੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ 'ਚ 20 ਨੌਜਵਾਨਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ | ਮਲੇਰਕੋਟਲਾ ਪੁਲਿਸ ਵਲੋਂ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਏ ਗਏ 20 ਨੌਜਵਾਨਾਂ 'ਚੋਂ 7 ਨੌਜਵਾਨ ਚੱਲੀ ਤੇਜ਼ ਹਨੇਰੀ ਅਤੇ ਮੀਂਹ ਦਾ ਫ਼ਾਇਦਾ ਚੁੱਕਦਿਆਂ ਭੱਜਣ ਵਿਚ ਕਾਮਯਾਬ ਹੋਏ ਸਨ, ਜਿਨ੍ਹਾਂ 'ਚੋਂ 2 ਨੌਜਵਾਨਾਂ ਨੂੰ ਹਸਪਤਾਲ ਦੇ ਇਰਦ-ਗਿਰਦ ਘੁੰਮਦਿਆਂ ਨੂੰ ਗਲੀਆਂ 'ਚੋਂ ਫ਼ੜ ਕੇ ਦੁਬਾਰਾ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਹੈ | ਉਪਰੋਕਤ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮਲੇਰਕੋਟਲਾ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 20 ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਮਲੇਰਕੋਟਲਾ ਪੁਲਿਸ ਵਲੋਂ ਭਰਤੀ ਕਰਵਾਇਆ ਗਿਆ ਸੀ | ਪਰੰਤੂ ਇਹਨਾਂ 20 ਨੌਜਵਾਨਾਂ 'ਚੋਂ 7 ਨੌਜਵਾਨ ਫ਼ਰਾਰ ਹੋ ਗਏ ਸੀ, ਜਿਨ੍ਹਾਂ 'ਚੋਂ 2 ਨੌਜਵਾਨਾਂ ਨੂੰ ਫ਼ੜ ਲਿਆ ਗਿਆ ਸੀ ਅਤੇ 5 ਨੌਜਵਾਨ ਅਜੇ ਵੀ ਫ਼ਰਾਰ ਚੱਲੇ ਆ ਰਹੇ ਹਨ, ਜਿਨ੍ਹਾਂ ਦੇ ਸਹੀ ਇਲਾਜ ਲਈ ਸਾਡੀਆਂ ਪੁਲਿਸ ਟੀਮਾਂ ਵਲੋਂ ਉਪਰੋਕਤ ਫ਼ਰਾਰ ਚੱਲੇ ਆ ਰਹੇ 5 ਨੌਜਵਾਨਾਂ ਦੇ ਘਰਾਂ 'ਚ ਜਾ ਕੇ ਭਾਲ ਕੀਤੀ ਜਾ ਰਹੀ ਹੈ, ਪਰੰਤੂ ਕੋਈ ਵੀ ਨੌਜਵਾਨ ਘਰਾਂ 'ਚੋਂ ਨਹੀਂ ਮਿਲਿਆ | ਇੰਸਪੈਕਟਰ ਜਨਾਬ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਰਾਰ ਹੋਏ 5 ਨੌਜਵਾਨਾਂ ਦੇ ਬਾਰੇ 'ਚ ਉਨ੍ਹਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਹੈ, ਮਾਪਿਆਂ ਨੇ ਕਿਹਾ ਕਿ ਉਹ ਹਸਪਤਾਲ 'ਚੋਂ ਫ਼ਰਾਰ ਹੋਣ ਤੋਂ ਬਾਅਦ ਅੱਜ ਤੱਕ ਘਰਾਂ ਵਿਚ ਵਾਪਸ ਨਹੀਂ ਪਰਤੇ, ਜਦੋਂ ਹੀ ਉਨ੍ਹਾਂ ਦੇ ਬੱਚੇ ਘਰਾਂ ਵਿਚ ਆਉਣਗੇ ਤਾਂ ਫ਼ੌਰਨ ਇਸ ਦੀ ਇਤਲਾਹ ਮਲੇਰਕੋਟਲਾ ਪੁਲਿਸ ਨੂੰ ਜ਼ਰੂਰ ਦੇਣਗੇ | ਉਨ੍ਹਾਂ ਫ਼ਰਾਰ ਹੋਏ ਨੌਜਵਾਨਾਂ ਨੂੰ ਪ੍ਰੈੱਸ ਦੇ ਮਾਧਿਅਮ ਰਾਹੀਂ ਬੇਨਤੀ ਕਰਦਿਆਂ ਕਿਹਾ ਕਿ ਮਲੇਰਕੋਟਲਾ ਪੁਲਿਸ ਤੁਹਾਡੀ ਕੋਈ ਦੋਖੀ ਨਹੀਂ ਹੈ | ਬਲਕਿ ਗ਼ਲਤ ਸੰਗਤ ਦਾ ਸ਼ਿਕਾਰ ਹੋ ਕੇ ਤਬਾਹ ਹੋ ਰਹੀ ਜਵਾਨੀ ਦਾ ਸਹੀ ਅਤੇ ਸਮੇਂ ਸਿਰ ਇਲਾਜ ਕਰਵਾ ਰਹੀ ਹੈ ਤਾਂ ਜੋ ਸਮਾਜ ਅੰਦਰ ਅਜਿਹੇ ਨੌਜਵਾਨ ਆਪਣੇ ਨਸ਼ੇ ਛੱਡ ਕੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਸਕਣ | ਉਨ੍ਹਾਂ ਕਿਹਾ ਕਿ ਉਕਤ ਫ਼ਰਾਰ ਚੱਲੇ ਆ ਰਹੇ 5 ਨੌਜਵਾਨ ਸਰਕਾਰੀ ਹਸਪਤਾਲ ਮਲੇਰਕੋਟਲਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਆਪਣੇ ਆਪ ਇਲਾਜ ਲਈ ਦਾਖ਼ਲ ਹੋ ਜਾਣ, ਜਿਸ 'ਚ ਉਨ੍ਹਾਂ ਦਾ ਹੀ ਭਲਾ ਹੈ |