ਮਲੇਰਕੋਟਲਾ, 4 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ ਸ਼ਹਿਰ ਦੇ ਅੰਦਰ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਹੈ ਕਿ ਹਲਕੀ ਬਾਰਸ਼ ਤੋਂ ਬਾਅਦ ਮਲੇਰਕੋਟਲਾ ਸ਼ਹਿਰ ਦੇ ਅੰਦਰ ਪਾਣੀ ਭਰ ਰਿਹਾ ਹੈ, ਉਸ ਤੋਂ ਸਪਸ਼ਟ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਸੀਵਰੇਜ ਸਿਸਟਮ ਅਤੇ ਪਾਣੀ ਦੀ ਨਿਕਾਸੀ ਲਈ ਪਾਏ ਗਏ ਪਾਈਪਾਂ ਦਾ ਸਾਈਜ਼ ਛੋਟਾ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਰਹੀ | ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕੁੱਝ ਸਮੇਂ ਦੀ ਬਾਰਸ਼ ਤੋਂ ਬਾਅਦ ਹੀ ਸ਼ਹਿਰ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਜਾਂਦੇ ਹਨ | ਖ਼ਾਸ ਤੌਰ 'ਤੇ ਮਾਲੇਰ, ਸਰਹੰਦੀ ਗੇਟ ਅਤੇ ਸਰੌਦ ਰੋਡ ਵਾਲੇ ਇਲਾਕੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਕੀ ਪੰਜਾਬ ਸਰਕਾਰ ਵਲੋਂ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਲਈ ਭੇਜੀ ਗਈ ਗ੍ਰਾਂਟ ਨੂੰ ਸਹੀ ਤਰੀਕੇ ਨਾਲ ਖ਼ਰਚ ਕੀਤਾ ਹੈ, ਇਸ ਬਾਰੇ ਜਾਂਚ ਕੀਤੀ ਜਾਣੀ ਚਾਹੀਦੀ ਹੈ | ਬੀਬਾ ਸੁਲੇਮਾਨ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ 6-6 ਫ਼ੁੱਟ ਦੇ ਪਾਈਪ ਪਾਉਣ ਲਈ ਪੰਜਾਬ ਸਰਕਾਰ ਨੇ ਪੈਸੇ ਭੇਜੇ ਸਨ ਪਰ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਪਾਈਪ ਸਹੀ ਨਹੀਂ ਹਨ | ਸ਼ੋ੍ਰਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪਾਣੀ ਦੀ ਨਿਕਾਸੀ ਲਈ ਆਏ ਪੈਸੇ ਨੂੰ ਖ਼ਰਚ ਕੀਤੇ ਜਾਣ ਦੀਆਂ ਫਾਈਲਾਂ ਖੋਲ੍ਹੀਆਂ ਜਾਣ ਅਤੇ ਜਾਂਚ ਕੀਤੀ ਜਾਵੇ | ਪਾਈਪਾਂ ਨੂੰ ਪੁੱਟ ਕੇ ਉਨ੍ਹਾਂ ਦਾ ਸਾਈਜ਼ ਚੈੱਕ ਕੀਤਾ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੇ ਘਰਾਂ ਵਿਚ ਜਮਾਂ ਹੋ ਚੁੱਕੇ ਪਾਣੀ ਨੂੰ ਮਸ਼ੀਨਾਂ ਰਾਹੀਂ ਕਢਵਾਇਆ ਜਾਵੇ ਅਤੇ ਜਲਦੀ ਬਿਮਾਰੀ ਰੋਕੂ ਦਵਾਈਆਂ ਦਾ ਛਿੜਕਾ ਕੀਤਾ ਜਾਵੇ |