ਮਲੇਰਕੋਟਲਾ, 5 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ, ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਵਿਦੇਸ਼ੀ ਧਰਤੀ 'ਤੇ ਵਸਦੇ ਪੰਜਾਬੀਆਂ ਵਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ | ਸਾਂਝੇ ਤੌਰ 'ਤੇ ਉਪਰੋਕਤ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਵਿੰਦਰ ਕਾਹਲੋਂ, ਗੁਰਪ੍ਰੀਤ ਸਿੰਘ ਸੰਗਾਲੀ ਆਸਟਰੇਲੀਆ ਅਤੇ ਵਿੱਕੀ ਕਾਤਰੋਂ ਨੇ ਦੱਸਿਆ ਕਿ ਯੂਥ ਕਲੱਬ ਕੈਨਬਰਾ (ਆਸਟਰੇਲੀਆ) ਵਲੋਂ ਪਹਿਲਾ ਕਬੱਡੀ ਕੱਪ ਅਤੇ ਦਿਵਾਲੀ ਮੇਲਾ 7 ਸਤੰਬਰ ਨੂੰ ਕੈਨਬਰਾ ਦੇ ਟੇਲਰ ਸਪੋਰਟਸ ਮੈਦਾਨ ਵਿਚ ਕਰਵਾਇਆ ਜਾ ਰਿਹਾ | ਜਿਸ ਵਿਚ ਕਬੱਡੀ ਓਪਨ, ਕਬੱਡੀ-17 ਅਤੇ ਕੁੜੀਆਂ ਦਾ ਕਬੱਡੀ ਦਾ ਸ਼ੋਅ ਮੈਚ ਅਤੇ ਕੱਚੀ ਵਾਲੀਬਾਲ ਵੀ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭੰਗੜੇ ਦੀਆਂ ਟੀਮਾਂ, ਕੁੜੀਆਂ ਦੇ ਗਿੱਧੇ ਦੀਆਂ ਟੀਮਾਂ, ਰੱਸਾਕਸ਼ੀ, ਮਿਊਜ਼ੀਕਲ ਚੇਅਰ, ਬੀਬੀਆਂ ਦੀ ਚਾਟੀ ਰੇਸ ਆਦਿ ਕਰਵਾਈਆਂ ਜਾਣਗੀਆਂ | ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਕਾਹਲੋਂ, ਖ਼ਜ਼ਾਨਚੀ ਗੁਰਪ੍ਰੀਤ ਸੰਗਾਲੀ, ਮੀਤ ਪ੍ਰਧਾਨ ਵਿੱਕੀ ਕਾਤਰੋਂ, ਸਹਿ ਖ਼ਜ਼ਾਨਚੀ ਅਮਨ ਬਰਾੜ, ਸੈਕਟਰੀ ਅਰਪਨਜੋਤ ਸੰਧੂ ਆਦਿ ਹਾਜ਼ਰ ਸਨ |