ਭਵਾਨੀਗੜ੍ਹ, 6 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਇੰਡਸਟਰੀ ਚੈਂਬਰ ਵਲੋਂ ਇਲਾਕੇ ਵਿਚ ਚੋਰ ਗਰੋਹ ਵਲੋਂ ਸਨਅਤਕਾਰਾਂ ਦਾ ਸਮਾਨ ਚੋਰੀ ਕਰਨ ਦੇ ਖ਼ਿਲਾਫ਼ ਚੈਂਬਰ ਦਾ ਆਗੂਆਂ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ | ਜਾਣਕਾਰੀ ਦਿੰਦਿਆਂ ਚੈਂਬਰ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਲਾਕੇ ਅੰਦਰ ਚੋਰ ਗਿਰੋਹ ਵਲੋਂ ਸਨਅਤਕਾਰਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਵਾਰ-ਵਾਰ ਸ਼ਿਕਾਇਤ ਕਰਨ ਤੇ ਵੀ ਪੁਲੀਸ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਫ਼ੈਕਟਰੀ ਏਰੀਏ ਵਿਚ ਪੁਲਿਸ ਗਸ਼ਤ ਵਿਚ ਵਾਧਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਹੋਰ ਸੂਬਿਆਂ ਦੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਇੰਡਸਟਰੀ ਲਗਾਉਣ ਲਈ ਸੱਦਾ ਦੇ ਰਹੇ ਹਨ, ਪਰ ਇਲਾਕੇ ਵਿਚ ਚੋਰੀਆਂ, ਲੁਟਖੋਹਾਂ ਨੂੰ ਲੈ ਕੇ ਉਦਯੋਗਪਤੀ ਹਮੇਸ਼ਾ ਡਰ ਦੇ ਮਾਹੌਲ ਵਿਚ ਰਹਿੰਦੇ ਹਨ | ਉਨ੍ਹਾਂ ਸਨਅਤਕਾਰਾਂ ਦੀ ਸੁਰੱਖਿਆ ਯਕੀਨੀ ਬਣਾ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ | ਇਸ ਮੌਕੇ ਸਤਵੰਤ ਸਿੰਘ ਖਰੇ ਉਪ ਚੇਅਰਮੈਨ, ਗੁਰਮੀਤ ਸਿੰਘ ਦੇਵਾ ਕੈਸ਼ੀਅਰ, ਰਣਜੀਤ ਸਿੰਘ, ਰਾਜਿੰਦਰ ਗੋਇਲ, ਅਮਨ ਗੁਪਤਾ, ਪੁਸ਼ਪਿੰਦਰ ਸਿੰਘ ਸੱਗੂ ਸਕੱਤਰ, ਜਰਨੈਲ ਸਿੰਘ ਸਰਾਓ, ਜਗਵਿੰਦਰ ਸਿੰਘ ਕਾਕੜਾ ਅਤੇ ਗਣੇਸ਼ ਪਾਈਪ ਆਦਿ ਹਾਜ਼ਰ ਸਨ |