ਅਮਰਗੜ੍ਹ, 6 ਸਤੰਬਰ (ਪਵਿੱਤਰ ਸਿੰਘ) - ਜਸਵੀਰ ਰਾਣਾ ਪੰਜਾਬੀ ਦਾ ਪ੍ਰਸਿੱਧ ਗਲਪਕਾਰ ਹੈ ਅਤੇ ਹੁਣ ਤੱਕ ਉਹ 12 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ | ਅਮਰਗੜ੍ਹ ਤੇ ਇਲਾਕੇ ਲਈ ਇਹ ਮਾਣ ਦੀ ਗੱਲ ਹੈ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਉਸ ਦੇ ਨਾਵਲ '70% ਪ੍ਰੇਮ ਕਥਾ' ਨੂੰ ਪੰਜਾਬੀ ਦੀ ਸਰਵੋਤਮ ਪੁਸਤਕ ਐਲਾਨ ਕਰਦਿਆਂ ਨਾਨਕ ਸਿੰਘ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | 31000 ਰਾਸ਼ੀ, ਸਨਮਾਨ ਚਿੰਨ੍ਹ ਤੇ ਦੋਸ਼ਾਲੇ ਸਮੇਤ ਇਹ ਪੁਰਸਕਾਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਮਨਾਏ ਜਾਂਦੇ ਪੰਜਾਬੀ ਸਪਤਾਹ ਦੌਰਾਨ ਵਿਭਾਗ ਦੇ ਇਕ ਵਿਸ਼ੇਸ਼ ਸਮਾਗਮ ਵਿਚ ਪ੍ਰਦਾਨ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖਕ ਜਸਵੀਰ ਰਾਣਾ ਨੇ ਦੱਸਿਆ ਕਿ ਇਹ ਨਾਵਲ ਉਸ ਦੀ ਸਵੈ-ਜੀਵਨੀ ਦੇ ਦੋ ਪੰਨਿਆਂ ਉੱਪਰ ਲਿਖਿਆ ਹੋਇਆ ਹੈ | ਇਹ ਨਾਵਲ ਮਾਂ ਚਰਨ ਕੌਰ ਤੇ ਬਾਜੀ ਦਰਸ਼ਨ ਸਿੰਘ ਦੀ ਜ਼ਿੰਦਗੀ ਦਾ ਗਲਪੀ ਬਿਰਤਾਂਤ ਸਿਰਜਦਾ ਹੋਇਆ ਘਰ ਤੇ ਜ਼ਿੰਦਗੀ ਵਿਚ ਪੁਰਖਿਆਂ ਦੀ ਮੁਹੱਬਤ ਅਤੇ ਹੋਂਦ ਦਾ ਗਲਪੀ ਪ੍ਰਵਚਨ ਸਿਰਜਦਾ ਹੈ | ਪੰਜਾਬੀ ਮੌਤ ਦਰਸ਼ਨ ਤੋਂ ਲੈ ਕੇ ਜਿੳਾੂਦੇ ਮੋਏ ਰਿਸ਼ਤਿਆਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਦਾ ਇਹ ਨਾਵਲ ਪੈੱਨ ਦੀ ਸਿਆਹੀ ਨਾਲ ਨਹੀਂ ਖੂਨ ਨਾਲ ਲਿਖਿਆ ਗਿਆ ਹੈ | ਸਮਕਾਲੀ ਦੌਰ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਮਨੁੱਖ ਨੂੰ ਕੁੱਝ ਪਲ ਰੁਕ ਕੇ ਪੁਰਖਿਆਂ ਵੱਲ ਝਾਤੀ ਮਾਰਨ ਦਾ ਸੰਦੇਸ਼ ਦਿੰਦਾ ਇਹ ਬਿਰਤਾਂਤ ਪੰਜਾਬੀ ਨਾਵਲ ਦੇ ਖੇਤਰ 'ਚ ਵਿਸ਼ੇ ਤੇ ਕਲਾ ਪੱਖ ਤੋਂ ਇਕ ਨਵਾਂ ਟਰੈਂਡ ਸੈੱਟ ਕਰਦਾ ਹੈ | ਇਸ ਅਹਿਮ ਪ੍ਰਾਪਤੀ ਦੇ ਸ਼ੁੱਭ ਅਵਸਰ 'ਤੇ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਅਤੇ ਪਿੰਡ-ਇਲਾਕਾ ਮਾਣ ਮਹਿਸੂਸ ਕਰਦਾ ਹੈ |