ਸ਼ੇਰਪੁਰ, 6 ਸਤੰਬਰ (ਦਰਸ਼ਨ ਸਿੰਘ ਖੇੜੀ) - ਸਿਵਲ ਪ੍ਰਸ਼ਾਸਨ ਵਲੋਂ ਬੀਤੀ ਰਾਤ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਕਸਬਾ ਸ਼ੇਰਪੁਰ ਨੂੰ ਬਾਰਸ਼ ਦੇ ਪਾਣੀ ਤੋਂ ਬਚਾਉਣ ਲਈ ਕਾਤਰੋਂ-ਸ਼ੇਰਪੁਰ ਮੇਨ ਸੜਕ ਪੁੱਟ ਕੇ ਪਾਣੀ ਕੱਢਿਆ ਗਿਆ | ਇਸ ਮੌਕੇ ਨਾਇਬ ਤਹਿਸੀਲਦਾਰ ਸ਼ੇਰਪੁਰ ਵਿਜੇ ਕੁਮਾਰ, ਡੀ.ਐਸ.ਪੀ ਧੂਰੀ ਰਣਵੀਰ ਸਿੰਘ ਅਤੇ ਐਸ.ਐੱਚ.ਓ ਸ਼ੇਰਪੁਰ ਬਲੌਰ ਸਿੰਘ ਮੌਜੂਦ ਸਨ | ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਿੰਡ ਚਾਂਗਲੀ ਅਤੇ ਕਾਤਰੋਂ ਦੇ ਲੋਕਾਂ ਵਲੋਂ ਕਾਤਰੋ-ਸ਼ੇਰਪੁਰ ਸੜਕ ਤੋਂ ਲੰਘਦੀ ਕੱਸੀ ਨੂੰ ਵੱਢ ਕੇ ਪਾਣੀ ਸ਼ੇਰਪੁਰ ਵੱਲ ਨੂੰ ਕੱਢ ਦਿੱਤਾ ਗਿਆ ਸੀ | ਜਿਸ ਮਗਰੋਂ ਕਸਬਾ ਸ਼ੇਰਪੁਰ ਦੇ ਸਰਕਾਰੀ ਸਕੂਲ, ਤਹਿਸੀਲ ਕੰਪਲੈਕਸ, ਅਲਾਲ ਰੋਡ ਦੇ ਖੇਤਾਂ ਵਿਚ ਲੋਕਾਂ ਦੇ ਘਰਾਂ ਅਤੇ ਖੇਤਾਂ ਵਿਚ ਵੱਡੇ ਪੱਧਰ ਤੇ ਪਾਣੀ ਭਰ ਗਿਆ ਸੀ, ਜਿਸ ਮਗਰੋਂ ਹੀ ਪ੍ਰਸ਼ਾਸਨ ਵਲੋਂ ਇਹ ਸੜਕ ਨੂੰ ਕੱਟ ਲਗਾ ਕੇ ਪਾਣੀ ਅੱਗੇ ਕੱਢਿਆ ਗਿਆ ਹੈ | ਹੁਣ ਇਹ ਪਾਣੀ ਸੰਤ ਹਰਚੰਦ ਸਿੰਘ ਲੌਂਗੋਵਾਲ ਸਕੂਲ ਅਤੇ ਅਨਾਜ ਮੰਡੀ ਦੇ ਪਿਛਲੇ ਪਾਸੇ ਵੱਲ ਜਮ੍ਹਾ ਹੋਣਾ ਸ਼ੁਰੂ ਹੋ ਗਿਆ ਹੈ | ਇਸ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਵੀ ਹੁਣ ਖ਼ਤਰਾ ਪੈਦਾ ਹੋ ਗਿਆ ਹੈ | ਇਸ ਮਗਰੋਂ ਇਸ ਪਾਣੀ ਦੇ ਰਾਮਨਗਰ ਛੰਨਾ ਰੋਡ, ਬੜੀ ਰੋਡ ਅਤੇ ਗੁਰੂ ਨਾਨਕ ਕਲੋਨੀ ਪੱਤੀ ਖਲੀਲ ਵੱਲ ਨੂੰ ਵਧਣ ਦੇ ਅਸਾਰ ਹਨ | ਦੱਸਣਯੋਗ ਹੈ ਕਿ ਬਲਾਕ ਸ਼ੇਰਪੁਰ ਦੇ ਕਾਤਰੋ-ਘਨੌਰੀ ਕਲਾਂ, ਰਾਮਨਗਰ ਛੰਨਾ-ਕਾਤਰੋ, ਟਿੱਬਾ-ਬੜੀ ਅਤੇ ਟਿੱਬਾ ਤੋਂ ਗੰਡੇਵਾਲ ਸੜਕਾਂ ਨੂੰ ਵੀ ਕੱਟ ਲਗਾ ਕੇ ਪਾਣੀ ਕੱਢਿਆ ਗਿਆ ਹੈ |