ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਰੁਪਿੰਦਰ ਸਿੰਘ ਸੱਗੂ) - ਇੱਕ ਪਾਸੇ ਜਿੱਥੇ ਪੰਜਾਬ ਹੜ੍ਹਾਂ ਦੇ ਦੌਰ ਵਿਚੋਂ ਲੰਘ ਰਿਹਾ ਹੈ, ਉੱਥੇ ਹੀ ਸੁਨਾਮ 'ਚ ਇੱਕ ਖ਼ਤਰਨਾਕ ਵਾਇਰਸ ਬੁਖ਼ਾਰ ਚਿਕਨਗੁਨੀਆ ਨੇ ਆਪਣੇ ਪੈਰ ਪਸਾਰ ਲਏ ਹਨ | ਇਸ ਕਾਰਨ ਹਜ਼ਾਰਾਂ ਲੋਕ ਸਿਰ ਦਰਦ, ਬੁਖ਼ਾਰ, ਹੱਥਾਂ-ਪੈਰਾਂ ਦੇ ਜੋੜਾਂ ਵਿਚ ਦਰਦ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ | ਇਸ ਭਿਆਨਕ ਵਾਇਰਸ ਨੇ ਵੱਡੀ ਗਿਣਤੀ ਵਿਚ ਪਰਿਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ | ਇੱਥੇ ਜ਼ਿਕਰਯੋਗ ਹੈ ਕਿ ਹਰ ਸਾਲ ਡੇਂਗੂ ਵਰਗਾ ਵਾਇਰਸ ਫੈਲਦਾ ਸੀ ਲੇਕਿਨ ਡਾਕਟਰਾਂ ਮੁਤਾਬਿਕ ਇਸ ਵਾਰ ਇਹ ਚਿਕਨਗੁਨੀਆ ਬੁਖ਼ਾਰ ਵਾਇਰਸ ਆਇਆ ਹੈ | ਜਿਸ ਤੋਂ ਬਾਅਦ ਬੁਖ਼ਾਰ ਆਉਣ ਤੋਂ ਬਾਅਦ ਹੱਡੀਆਂ ਵਿਚ ਦਰਦ ਦੀ ਸਮੱਸਿਆ ਆਉਂਦੀ ਹੈ ਅਤੇ ਹਰ ਛੋਟੇ ਵੱਡੇ ਹਸਪਤਾਲਾਂ ਵਿਚ ਇਸ ਬਿਮਾਰੀ ਦੇ ਮਰੀਜ਼ ਵੱਡੀ ਗਿਣਤੀ ਵਿਚ ਦੇਖੇ ਜਾ ਸਕਦੇ ਹਨ | ਜਦੋਂ ਇਸ ਬਿਮਾਰੀ ਸਬੰਧੀ ਡਾ. ਰਾਜੀਵ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਰੀਜ਼ ਨੂੰ ਇਸ ਵਾਇਰਸ ਕਾਰਨ ਘਬਰਾਉਣਾ ਨਹੀਂ ਚਾਹੀਦਾ ਅਤੇ ਹਰ ਵਿਅਕਤੀ ਨੂੰ ਦਿਨ ਵਿਚ ਦੋ ਵਾਰ ਕਰੋਸਿਨ ਪੈਰਾਸੀਟਾਮੋਲ ਬੁਖ਼ਾਰ ਦੀ ਗੋਲੀ ਲੈਣੀ ਚਾਹੀਦੀ ਹੈ ਤਾਂ ਜੋ ਉਸ ਨੰੂ ਬੁਖ਼ਾਰ ਨਾ ਹੋਵੇ ਅਤੇ ਬੁਖ਼ਾਰ ਕਾਰਨ ਸਰੀਰ ਦੇ ਸਾਰੇ ਹਿੱਸਿਆਂ ਦੇ ਜੋੜਾਂ ਵਿਚ ਦਰਦ ਨਾ ਹੋਵੇ | ਉਸ ਨੰੂ ਵੱਧ ਤੋਂ ਵੱਧ ਤਰਲ ਪਦਾਰਥ ਪੀਣਾ ਚਾਹੀਦਾ ਹੈ ਅਤੇ ਭਰਪੂਰ ਭੋਜਨ ਖਾਣਾ ਚਾਹੀਦਾ ਹੈ ਤਾਂ ਜੋ ਸਰੀਰ ਬਿਮਾਰੀ ਨਾਲ ਲੜ ਸਕੇ | ਅਤੇ ਗੰਭੀਰ ਬਿਮਾਰੀ ਦੀ ਸਥਿਤੀ ਵਿਚ, ਕਿਸੇ ਨੂੰ ਨੇੜਲੇ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ ਅਤੇ ਕਿਸੇ ਚੰਗੇ ਐਮ.ਬੀ.ਐਸ ਡਾਕਟਰ ਤੋਂ ਸਲਾਹ ਲੈ ਕੇ ਅਤੇ ਦਵਾਈਆਂ ਲੈਣ ਤੋਂ ਬਾਅਦ ਹੀ ਇਲਾਜ ਕਰਵਾਉਣਾ ਚਾਹੀਦਾ ਹੈ |