ਭਵਾਨੀਗੜ੍ਹ, 22 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਦੀ ਤਰੱਕੀ ਲਈ ਅਕਾਲੀ-ਭਾਜਪਾ ਗੱਠਜੋੜ ਜ਼ਰੂਰ ਹੋਣਾ ਚਾਹੀਦਾ ਹੈ, ਇਹ ਵਿਚਾਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਸਥਾਨਕ ਸ਼ਹਿਰ ਵਿਖੇ ਵਰਕਰ ਮਿਲਣੀ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਸ਼ੇਸ਼ ਉਪਰਾਲੇ ਕਰ ਕੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ, ਪੂਰੇ ਸੰਸਾਰ ਵਿਚ ਅਮਰੀਕਾ, ਚੀਨ 'ਤੇ ਭਾਰਤ ਦੀ ਅਰਥ ਵਿਵਸਤਾ ਹੀ ਮਜ਼ਬੂਤ ਹੈ ਜਦੋਂ ਕਿ ਯੂਰਪ ਦੇ ਕਈ ਦੇਸ਼ਾਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼੍ਰੀ ਖੰਨਾ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਇਹ ਸੋਚਦੇ ਹਨ, ਕਿ ਜੇਕਰ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗੱਠਜੋੜ ਹੋ ਜਾਂਦਾ ਹੈ, ਤਾਂ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਚਲਦਾ ਕੀਤਾ ਜਾ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕੇਂਦਰੀ ਮੰਤਰੀ , ਪ੍ਰਧਾਨ ਮੰਤਰੀ ਵਲੋਂ ਦੌਰਾ ਕਰ ਕੇ ਜੋ ਆਰਥਿਕ ਮਦਦ ਕੀਤੀ ਹੈ, ਉਸ ਨਾਲ ਹੜ੍ਹ ਪੀੜਤਾਂ ਨੂੰ ਕੁਝ ਹੁਲਾਰਾ ਮਿਲੇਗਾ, ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਹੜ੍ਹ ਪੀੜਤਾਂ ਦੀ ਨਕਦ ਮਦਦ ਕਰ ਕੇ ਹੜ੍ਹ ਪੀੜ੍ਹਤਾਂ ਨੂੰ ਆਰਥਿਕ ਤੌਰ 'ਤੇ ਹੌਸਲਾ ਦਿੱਤਾ ਹੈ, ਜਿਸ ਨਾਲ ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਹਮਦਰਦੀ ਦੀ ਭਾਵਨਾ ਬਣੀ ਹੈ, ਦਲ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਇਆ ਹੈ | ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਦੇ ਬੇੜੀ ਗ਼ਰਕ ਕਰ ਕੇ ਰੱਖਦਿਆਂ ਪੰਜਾਬ ਨੂੰ ਕਰਜ਼ਈ ਕਰ ਦਿੱਤਾ ਹੈ, ਇਸ ਤੋਂ ਕੋਈ ਵੀ ਵਰਗ ਖ਼ੁਸ਼ ਨਹੀਂ | ਧਰਨਿਆਂ ਚੋਂ ਨਿਕਲੀ ਮੌਜੂਦਾ ਸਰਕਾਰ 'ਤੇ ਸਮੇਂ ਲੋਕਾਂ ਨੂੰ ਰੁਜ਼ਗਾਰ ਲੈਣ ਗਿਆ ਨੂੰ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣ ਦੀ ਬਿਜਾਏ ਪੰਜਾਬ ਵਿਚ ਹੀ ਮਿਹਨਤ ਕਰਦਿਆਂ ਵਸੀਲੇ ਪੈਦਾ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਹੋਰ ਤਰੱਕੀ ਕਰ ਸਕੇ | ਇਸ ਮੌਕੇ 'ਤੇ ਉਨ੍ਹਾਂ ਵਰਕਰ ਮਿਲਣੀ ਕਰਦਿਆਂ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਸਮਾਜ ਨੂੰ ਵਧੀਆ ਸਿਰਜਣ ਦੀ ਪ੍ਰੇਰਨਾ ਦਿੱਤੀ | ਭਵਾਨੀਗੜ੍ਹ ਪਹੁੰਚਣ 'ਤੇ ਸ਼੍ਰੀ ਅਰਵਿੰਦ ਖੰਨਾ ਦਾ ਸੋਮਨਾਥ ਗਰਗ, ਜੀਵਨ ਗਰਗ, ਸੰਜੀਵ ਗਰਗ ਸੰਜੇ, ਨਰਿੰਦਰ ਮਿੱਤਲ ਸ਼ੈਲੀ ਮੰਡਲ ਪ੍ਰਧਾਨ, ਕਪਿਲ ਦੇਵ ਗਰਗ, ਹਰੀ ਸਿੰਘ ਫੱਗੂਵਾਲਾ ਸਾਬਕਾ ਚੇਅਰਮੈਨ ਨੇ ਸੁਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮਿਲਣੀ ਵਿਚ ਉਕਤ ਤੋਂ ਇਲਾਵਾ ਗੁਰਦੇਵ ਗਰਗ, ਵਿਨੋਦ ਮਿੱਤਲ, ਰਜਿੰਦਰ ਕੁਮਾਰ ਸਿੰਗਲਾ, ਪਵਨ ਕੁਮਾਰ ਸਿੰਗਲਾ, ਮੱਖਣ ਕਾਂਸਲ, ਸੁਸ਼ਾਂਤ ਗਰਗ, ਮਿੱਠੂ ਸਿੰਘ, ਮੋਤੀ ਰਾਮ , ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ |