ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਧਾਲੀਵਾਲ, ਭੁੱਲਰ) - 3704 ਅਧਿਆਪਕ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਰੀਏ ਸੂਬਾ ਪ੍ਰਧਾਨ ਹਰਜਿੰਦਰ ਸਿੰਘ, ਯਾਦਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੋਂ 3704 ਅਧਿਆਪਕਾਂ ਵਲੋਂ ਪੰਜਾਬ ਪੇਅ ਸਕੇਲ ਲਾਗੂ ਕਰਵਾਉਣ ਲਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਮਾਨਯੋਗ ਅਦਾਲਤ ਦੇ ਹੁਕਮ ਇੰਨ-ਬਿੰਨ ਮੰਨਣ ਤੋਂ ਟਾਲਮਟੋਲ ਕਰ ਰਿਹਾ ਹੈ | ਆਗੂਆਂ ਨੇ ਕਿਹਾ ਕਿ ਭਾਵੇਂ ਵਿਭਾਗ ਵਲੋਂ ਸਪੀਕਿੰਗ ਆਰਡਰ ਜਾਰੀ ਕਰ ਕੇ ਲਗਭਗ ਵੀਹ ਜ਼ਿਲਿਆਂ ਦੇ ਅਧਿਆਪਕਾਂ ਦੀ ਸਹੀ ਤਨਖ਼ਾਹ ਜਾਰੀ ਕਰ ਦਿੱਤੀ ਗਈ | ਹੁਣ ਵਿਭਾਗ ਇਨ੍ਹਾਂ ਅਧਿਆਪਕਾਂ 'ਤੇ ਪੰਜਵਾਂ ਪੇਅ ਸਕੇਲ ਥੋਪਣ ਦੀ ਕੋਸ਼ਿਸ਼ ਕਰ ਰਿਹਾ ਹੈ | ਵਿਭਾਗ ਦੇ ਇਸ ਨਾਦਰਸ਼ਾਹੀ ਫੁਰਮਾਨ ਦੀ ਨਿੰਦਿਆ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮਾਨਸਾ, ਸੰਗਰੂਰ ਅਤੇ ਬਰਨਾਲਾ ਜ਼ਿਲੇ੍ਹ ਵਲੋਂ ਬਣਦਾ ਲਾਭ ਜਾਰੀ ਕਰਨ ਦੀ ਬਜਾਏ ਅਧਿਆਪਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਨੂੰ ਲੈ ਕੇ ਅਧਿਆਪਕਾਂ ਵਲੋਂ 1 ਸਤੰਬਰ ਤੋਂ ਮੁੱਖ ਸਿੱਖਿਆ ਦਫ਼ਤਰ ਮੋਹਾਲੀ ਦਾ ਘਿਰਾਓ ਕਰਨ ਉਪਰੰਤ ਅਣਮਿਥੇ ਸਮੇਂ ਦਾ ਧਰਨਾ ਲਗਾ ਦਿੱਤਾ ਗਿਆ ਹੈ |3704 ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਮਸਲੇ ਦੇ ਹੱਲ ਲਈ 24 ਸਤੰਬਰ ਨੂੰ ਪੰਜਾਬ ਸਰਕਾਰ ਖ਼ਿਲਾਫ਼ ਮੋਹਾਲੀ ਅਤੇ ਚੰਡੀਗੜ੍ਹ ਭਰਵਾਂ ਇਕੱਠ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਸਮੇਂ ਜਗਜੀਵਨਜੋਤ ਸਿੰਘ ਮਾਨਸਾ, ਜਸਵੀਰ ਸਿੰਘ ਟਿਆਲਾ, ਜਸਵੀਰ ਸਿੰਘ ਅਲੀਸ਼ੇਰ, ਜਸਵਿੰਦਰ ਸਿੰਘ ਸ਼ਾਹਪੁਰ ਕਲਾਂ, ਦਵਿੰਦਰ ਸਿੰਘ ਅਲੀਸ਼ੇਰ, ਮੁਹੰਮਦ ਦਿਲਸ਼ਾਦ ਅਤੇ ਮਨਪ੍ਰੀਤ ਸਿੰਘ ਰਾਏਧਰਾਣਾ ਆਦਿ ਮੌਜੂਦ ਸਨ |