ਸੰਗਰੂਰ, 24 ਸਤੰਬਰ (ਧੀਰਜ ਪਸੌਰੀਆ) - ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਸੰਗਰੂਰ ਵਿਚ ਬਾਸਮਤੀ ਦੀ ਆਮਦ ਅਤੇ ਜਲਦ ਹੀ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਆਮਦ ਨੂੰ ਲੈ ਕੇ ਅਨਾਜ ਮੰਡੀ ਸੰਗਰੂਰ ਵਿਚ ਪੁੱਜ ਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 17 ਪ੍ਰਤੀਸ਼ਤ ਤੱਕ ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲਿਆਉਣ ਤਾਂ ਜੋ ਆਪਣਾ ਝੋਨਾ ਜਲਦ ਵੇਚ ਕੇ ਵਿਹਲੇ ਹੋ ਸਕਣ | ਸਰਕਾਰ ਵਲੋਂ 48 ਘੰਟਿਆਂ ਵਿਚ ਝੋਨੇ ਦੀ ਅਦਾਇਗੀ ਦੇ ਪ੍ਰਬੰਧ ਕੀਤੇ ਗਏ ਹਨ | ਵਿਕੇ ਝੋਨੇ ਦੀ ਲਿਫ਼ਟਿੰਗ 72 ਘੰਟਿਆਂ ਵਿਚ ਕੀਤੀ ਜਾਵੇਗੀ, ਇੱਕ ਸਵਾਲ ਦੇ ਜਵਾਬ ਵਿਚ ਵਿਧਾਇਕਾ ਭਰਾਜ ਨੇ ਕਿਹਾ ਕਿ ਬਾਸਮਤੀ ਦੀ ਬੋਲੀ ਵਿਚ ਕੁਝ ਦਿੱਕਤ ਆਈ ਸੀ ਜੋ ਜ਼ਿਲ੍ਹਾ ਮੰਡੀ ਅਫ਼ਸਰ ਵਲੋਂ ਕੀਤੇ ਯਤਨਾਂ ਨਾਲ ਰਾਇਸ ਮਿੱਲਰਜ ਅਤੇ ਆੜ੍ਹਤੀਆਂ ਦਰਮਿਆਨ ਪੈਦਾ ਹੋਇਆ ਵਿਵਾਦ ਖ਼ਤਮ ਹੋ ਗਿਆ ਹੈ ਅਤੇ ਬੋਲੀ ਕੱਲ੍ਹ ਮੁੜ ਸ਼ੁਰੂ ਹੋ ਗਈ ਹੈ | ਝੋਨੇ ਅਤੇ ਬਾਸਮਤੀ ਵੇਚਣ ਵਿਚ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਵੇਗੀ | ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਜ਼ਿਲ੍ਹੇ ਦੀਆਂ 172 ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਹਰ ਤਰ੍ਹਾਂ ਦੇ ਪ੍ਰਬੰਧਾਂ ਜਿਵੇਂ ਲਾਈਟਾਂ, ਸਾਫ਼ ਸਫ਼ਾਈ, ਛਾਂ, ਪੀਣ ਵਾਲਾ ਪਾਣੀ, ਪਖਾਨੇ ਘਰ ਆਦਿ ਦੇਣ ਪ੍ਰਬੰਧ ਮੁਕੰਮਲ ਹਨ | ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਅਤੇ ਸੈਕਟਰੀ ਨਰਿੰਦਰਪਾਲ ਨੇ ਦੱਸਿਆ ਕਿ ਕਮੇਟੀ ਅਧੀਨ ਆਉਂਦੀਆਂ ਸੰਗਰੂਰ ਮੰਡੀ ਅਤੇ ਖ਼ਰੀਦ ਕੇਂਦਰਾਂ ਵਿਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ | ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਿਸਨ ਕੁਮਾਰ ਤੁੰਗਾਂ, ਮੀਤ ਪ੍ਰਧਾਨ ਕੇਵਲ ਗੁਪਤਾ, ਸੁਖਵਿੰਦਰ ਸਿੰਘ ਸੁੱਖਾ, ਕੇਸੋ ਰਾਮ, ਨਰੇਸ਼ ਕੁਮਾਰ ਵਿੱਕੀ, ਨਰਿੰਦਰ ਸਿੰਘ ਨਿੰਦੀ, ਕੁਲਦੀਪ ਤਿਵਾੜੀ, ਧਰਮਿੰਦਰ ਤਿਵਾੜੀ, ਰਾਜੇਸ਼ ਕੁਮਾਰ ਅਤੇ ਹੋਰ ਮੌਜੂਦ ਸਨ |