ਅਮਰਗੜ੍ਹ, 24 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸਰ ਹੈਂਡਬਾਲ, ਵਾਲੀਬਾਲ ਅਤੇ ਸਕੇਟਿੰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ, ਮਲੇਰਕੋਟਲਾ (ਹੈਂਡਬਾਲ)19 ਸਾਲ ਲੜਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਮਰਗੜ੍ਹ (ਵਾਲੀਬਾਲ) 19 ਸਾਲ ਲੜਕੀਆਂ ਅਤੇ ਸਰਕਾਰੀ ਹਾਈ ਸਕੂਲ, ਬਡਲਾ, ਮਲੇਰਕੋਟਲਾ ਵਿਖੇ (ਸਕੇਟਿੰਗ) 14 ਸਾਲ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ ਵਿਚ ਇਸ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਹੈਂਡਬਾਲ, ਵਾਲੀਬਾਲ ਅਤੇ ਸਕੇਟਿੰਗ ਦੀਆਂ ਖੇਡਾਂ ਵਿਚ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ ਗਰੁੱਪਾਂ ਵਿਚ ਜ਼ਿਲ੍ਹਾ ਮਲੇਰਕੋਟਲਾ ਅਧੀਨ ਆਉਂਦੇ ਵੱਖ-ਵੱਖ ਜ਼ੋਨਲ ਪੱਧਰ ਦੀਆਂ ਟੀਮਾਂ ਨੇ ਹਿੱਸਾ ਲਿਆ | ਇਸ ਦੌਰਾਨ ਹੋਏ ਹੈਂਡਬਾਲ ਦੇ ਖੇਡ ਮੁਕਾਬਲਿਆਂ ਵਿਚ ਬਰੇਨਟਰੀ ਵਰਲਡ ਸਕੂਲ ਅਮਰਗੜ੍ਹ ਅੰਡਰ-19 ਸਾਲ ਲੜਕਿਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਮੁਸ਼ਤਾਖ਼ ਮਹਿੰਦਰੂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੀ ਜ਼ੋਨਲ ਅਮਰਗੜ੍ਹ ਦੀ ਟੀਮ ਵਿਚ ਸਾਰੇ ਖਿਡਾਰੀ ਬਰੇਨਟਰੀ ਵਰਲਡ ਸਕੂਲ ਦੇ ਹੀ ਸਨ ਜੋ ਕਿ ਸਾਡੇ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੰਡਰ-19 ਸਾਲ ਲੜਕੀਆਂ (ਵਾਲੀਬਾਲ) ਦੀਆਂ ਖਿਡਾਰਨਾਂ ਵਲੋਂ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਅਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿਚ ਆਪਣਾ ਸਥਾਨ ਪੱਕਾ ਕੀਤਾ | ਉਨ੍ਹਾਂ ਦੱਸਿਆ ਕਿ ਸਕੇਟਿੰਗ ਦੇ ਖੇਡ ਮੁਕਾਬਲਿਆਂ ਵਿਚ ਅੰਡਰ-14 ਸਾਲ (ਲੜਕੇ) ਸਾਡੇ ਸਕੂਲ ਦੇ ਵਿਦਿਆਰਥੀ ਜਸਕਰਨ ਗਿੱਲ ਅਤੇ ਬਲਕਰਨ ਸਿੰਘ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਵਨ ਲੈਪ 500 ਮੀਟਰ ਅਤੇ ਵਨ ਲੈਪ 1000 ਮੀਟਰ ਵਿਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿਚ ਆਪਣਾ ਸਥਾਨ ਪੱਕਾ ਕੀਤਾ | ਇਸ ਖ਼ੁਸ਼ੀ ਦੇ ਮੌਕੇ ਤੇ ਸਕੂਲ ਦੇ ਚੇਅਰਮੈਨ ਆਰ.ਪੀ. ਗੋਇਲ ਜੀ ਨੇ ਇਹਨਾਂ ਸਾਰੇ ਖਿਡਾਰੀਆਂ ਅਤੇ ਕੋਚ ਸਾਹਿਬਾਨਾਂ ਅਤੇ ਰਮਨਪ੍ਰੀਤ ਸਿੰਘ ਖੇਡ ਅਧਿਆਪਕ ਨੂੰ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿਚ ਵੀ ਵਧੀਆ ਖੇਡ ਪ੍ਰਦਰਸ਼ਨ ਕਰ ਕੇ ਪੁਜ਼ੀਸ਼ਨਾਂ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਇਹ ਕੋਚ ਸਾਹਿਬਾਨ ਅਤੇ ਖਿਡਾਰੀਆਂ ਵਲੋਂ ਕੀਤੀ ਗਈ ਸਖਤ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਬੱਚਿਆਂ ਦੀ ਇਸ ਵਧੀਆ ਪ੍ਰਾਪਤੀ ਲਈ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਮੁਬਾਰਕਬਾਦ ਦਿੱਤੀ |