ਧੂਰੀ, 25 ਸਤੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਸਿਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਦੇ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਦੀ ਚੋਣ ਸਮੂਹ ਜ਼ਿਲਿ੍ਹਆਂ ਦੇ ਪ੍ਰਧਾਨਾਂ ਅਤੇ ਜ਼ਿਲ੍ਹਾ ਸਕੱਤਰਾਂ ਵਲੋਂ ਸਰਬਸੰਮਤੀ ਨਾਲ ਕੀਤੀ ਗਈ | ਇਸ ਚੋਣ ਦੌਰਾਨ ਸੂਬਾਈ ਆਗੂ ਗੁਰਪ੍ਰੀਤ ਸਿੰਘ ਖੱਟੜਾ ਲੁਧਿਆਣਾ ਨੂੰ ਸੂਬਾ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਬਠਿੰਡਾ ਨੂੰ ਸੂਬਾ ਸਕੱਤਰ ਵਜੋਂ ਚੁਣਿਆ ਗਿਆ | ਇਸ ਦੌਰਾਨ ਸੂਬਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸੰਗਰੂਰ ਦੇ ਪਰਮਪ੍ਰੀਤ ਸਿੰਘ ਬਹਿਣੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਘਨੌਰੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਅਵਤਾਰ ਸਿੰਘ ਗਹਿਲਾਂ ਨੂੰ ਸੂਬਾ ਕਮੇਟੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ | ਇਸ ਸੰਬੰਧੀ ਸਥਾਨਕ ਆਗੂਆਂ ਪਿ੍ਆਸ ਗੁਪਤਾ ਧੂਰੀ ਪਿੰਡ, ਸੁਖਰਾਜ ਸਿੰਘ, ਕਰਮਪ੍ਰੀਤ ਸਿੰਘ, ਦਲਵੀਰ ਸਿੰਘ, ਭੀਮ ਸਿੰਘ, ਹਰੀਸ਼ ਕੁਮਾਰ, ਨਵਨੀਤ ਬਾਂਸਲ, ਪਵਿੱਤਰ ਦੇਵ, ਗੁਰਪ੍ਰੀਤ ਸਿੰਘ, ਅਮਰਿੰਦਰ ਵਿਰਕ ਅਤੇ ਰਵਿੰਦਰ ਖਨੌਰੀ ਨੇ ਆਪਣੇ ਨਵੇਂ ਨਿਯੁਕਤ ਹੋਏ ਸਾਥੀਆਂ ਨੂੰ ਜੀ ਆਇਆ ਕਿਹਾ ਅਤੇ ਵਧਾਈ ਦਿੱਤੀ | ਇਸ ਮੌਕੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖਟੜਾ ਨੇ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਮਨਿਸਟੀਰੀਅਲ ਸਟਾਫ਼ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ ਅਤੇ ਸੂਬਾ ਪੱਧਰ 'ਤੇ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਲਈ ਯਤਨ ਤੇਜ਼ ਕੀਤੇ ਜਾਣਗੇ | ਅੰਤ ਵਿਚ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਘਨੌਰੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਜ਼ਿਲ੍ਹਾ ਸੰਗਰੂਰ ਦੇ ਸਮੂਹ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ |