ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ)-ਡੇਰਾ ਸੱਚਾ ਸੌਦਾ ਵਲੋਂ ਵਾਤਾਵਰਣ ਦੀ ਰੱਖਿਆ ਲਈ ਆਰੰਭ ਕੀਤੀ ਗਈ ਪਲਾਸਟਿਕ ਮੁਕਤ ਮੁਹਿੰਮ ਤਹਿਤ ਅੱਜ ਸੰਗਰੂਰ ਵਿਖੇ ਡੇਰਾ ਸ਼ਰਧਾਲੂਆਂ ਨੇ ਸੰਗਰੂਰ ਵਾਸੀਆਂ ਨੂੰ ਪਲਾਸਟਿਕ ਦੇ ਖ਼ਿਲਾਫ਼ ਹੋਕਾ ਦਿੱਤਾ ਉੱਥੇ ਲੋਕਾਂ ਨੂੰ ਕੱਪੜੇ ਦੇ ਥੈਲੇ ਵੀ ਵੰਡੇ ਗਏ | ਇਸ ਮੁਹਿੰਮ ਦੌਰਾਨ ਸੰਗਰੂਰ ਦੇ ਕਈ ਨਗਰ ਕੌਂਸਲਰਾਂ ਜਿਨ੍ਹਾਂ ਵਿਚ ਜੋਤੀ ਪ੍ਰਕਾਸ਼ ਗਾਬਾ, ਹਨੀ ਗਾਬਾ, ਸਤਿੰਦਰ ਸਿੰਘ ਸੈਣੀ, ਰਿਤੂ ਕੰਡਾ ਅਤੇ ਸਮਾਜ ਸੇਵੀ ਅਮਰਜੀਤ ਸਿੰਘ ਟੀਟੂ ਨੇ ਇਸ ਮੁਹਿੰਮ ਦਾ ਸਹਿਯੋਗ ਕਰਦਿਆਂ ਇਸ ਦੀ ਭਰਵੀਂ ਸ਼ਲਾਘਾ ਕੀਤੀ | ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲਰ ਰਿਤੂ ਕੰਡਾ ਨੇ ਕਿਹਾ ਕਿ ਪਲਾਸਟਿਕ ਸਾਡੇ ਸਰੀਰ ਲਈ ਬੇਹੱਦ ਹਾਨੀਕਾਰਕ ਹੈ | ਇਸ ਨਾਲ ਵਾਤਾਵਰਣ ਵੀ ਵੱਡੇ ਪੱਧਰ ਤੇ ਦੂਸ਼ਿਤ ਹੁੰਦਾ ਹੈ | ਅਸੀਂ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹਾਂ | ਸਤਿੰਦਰ ਸੈਣੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਲੰਮੇ ਸਮੇਂ ਤੋਂ ਵਾਤਾਵਰਣ ਦੇ ਹੱਕ ਵਿਚ ਹੋਕਾ ਦਿੱਤਾ ਹੋਇਆ ਹੈ | ਪਲਾਸਟਿਕ ਦੇ ਖ਼ਿਲਾਫ਼ ਵਿੱਢੀ ਇਸ ਮੁਹਿੰਮ ਲੋਕਾਂ ਨੂੰ ਚੰਗਾ ਸੁਨੇਹਾ ਦੇਵੇਗੀ | ਇਸ ਸਬੰਧੀ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਪਿਛਲੇ ਲੰਮੇ ਸਮੇਂ ਤੋਂ ਹਰ ਖੇਤਰ ਵਿਚ ਮਾਨਵਤਾ ਭਲਾਈ ਦੇ ਕੰਮ ਕਰ ਰਿਹਾ ਹੈ, ਉੱਥੇ ਹੁਣ ਪਲਾਸਟਿਕ ਦੇ ਖ਼ਿਲਾਫ਼ ਆਰੰਭੀ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ | ਨਗਰ ਕੌਂਸਲਰ ਜੋਤੀ ਗਾਬਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਵਿਚ ਵਧ ਚੜ ਕੇ ਸਹਿਯੋਗ ਕਰਨਾ ਚਾਹੀਦਾ ਹੈ ਤੇ ਪਲਾਸਟਿਕ ਦੀ ਵਰਤੋਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ | ਨਗਰ ਕੌਂਸਲਰ ਹਨੀ ਗਾਬਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਬਹੁਤ ਹੀ ਸ਼ਾਨਦਾਰ ਹੈ, ਅਸੀਂ ਇਸ ਦੀ ਤਹਿ ਦਿਲੋਂ ਸ਼ਲਾਘਾ ਕਰਦੇ ਹਾਂ | ਇਸ ਮੌਕੇ 'ਤੇ ਹੁਕਮ ਚੰਦ ਨਾਗਪਾਲ ਸੂਬਾ ਕਮੇਟੀ ਮੈਂਬਰ, ਮਨਜੀਤ ਸਿੰਘ ਇੰਸਾਂ ਸੂਬਾ ਕਮੇਟੀ ਮੈਂਬਰ ਡੇਰਾ ਸੱਚਾ ਸੌਦਾ, ਕਿ੍ਸ਼ਨ ਥਰੇਜਾ, ਜਗਰਾਜ ਸਿੰਘ ਰਿਟਾ: ਪੁਲਿਸ ਇੰਸਪੈਕਟਰ, ਮਦਨ ਲਾਲ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸਾਧ ਸੰਗਤ ਹਾਜ਼ਰ ਸੀ |