ਛਾਜਲੀ, 27 ਸਤੰਬਰ (ਅਜਾਇਬ ਸਿੰਘ ਨੀਲੋਵਾਲ) - ਨੇੜਲੇ ਪਿੰਡ ਨੀਲੋਵਾਲ ਦੇ 22 ਸਾਲਾ ਨੌਜਵਾਨ ਵਲੋਂ ਰੇਲਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਹਿਚਾਣ ਧਰਮਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ | ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਅਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਮਪ੍ਰੀਤ ਸਿੰਘ ਨੇ ਰੇਲਵੇ ਲਾਈਨ ਉੱਤੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਨੋਟ ਵੀ ਲਿਖਿਆ ਸੀ | ਇਸ ਨੋਟ ਵਿਚ ਉਸ ਨੇ ਇੱਕ ਵਿਅਕਤੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ | ਨੋਟ ਅਨੁਸਾਰ, ਮਿ੍ਤਕ ਦੇ ਉਸ ਵਿਅਕਤੀ ਤੋਂ ਪੈਸੇ ਲੈਣੇ ਸਨ ਪਰ ਉਹ ਮੁੱਕਰ ਗਿਆ | ਪੁਲਿਸ ਅਨੁਸਾਰ, ਉਕਤ ਵਿਅਕਤੀ ਉੱਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਹੇਠ ਮਾਮਲੇ ਦਰਜ਼ ਹਨ | ਪੁਲਿਸ ਨੇ ਮਿ੍ਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਨੂੰ ਲੈ ਕੇ ਮਿ੍ਤਕ ਦੇ ਪਰਿਵਾਰਕ ਮੈਂਬਰ ਭੋਲਾ ਸਿੰਘ ਨੇ ਵੀ ਉਸੇ ਵਿਅਕਤੀ ਨੂੰ ਆਤਮ ਹੱਤਿਆ ਲਈ ਦੋਸ਼ੀ ਦੱਸਦਿਆਂ ਸਖ਼ਤ ਕਾਰਵਾਈ ਤੇ ਇਨਸਾਫ਼ ਦੀ ਮੰਗ ਕੀਤੀ ਹੈ |