ਧੂਰੀ, 27 ਸਤੰਬਰ (ਸੰਜੇ ਲਹਿਰੀ) - ਕਾਂਗਰਸ ਪਾਰਟੀ ਦੇ ਅਬਜ਼ਰਵਰ ਅਤੇ ਰਾਜਸਥਾਨ ਦੇ ਸਾਬਕਾ ਮੰਤਰੀ ਸ੍ਰੀ ਜਗਦੀਸ਼ ਚੰਦਰ ਨੇ ਅੱਜ ਇੱਥੇ ਕਾਂਗਰਸੀ ਵਰਕਰਾਂ ਨਾਲ ਕੀਤੀ ਗਈ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਬੇਦਾਗ਼ ਅਤੇ ਮਿਹਨਤੀ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰਧਾਨ ਵਰਗੇ ਵੱਕਾਰੀ ਅਹੁਦਿਆਂ ਸਮੇਤ ਹੋਰ ਵੱਖ ਵੱਖ ਅਹੁਦਿਆਂ ਉੱਤੇ ਨਿਯੁਕਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਇਸ ਮੀਟਿੰਗ ਦਾ ਮਕਸਦ ਇਹ ਹੈ ਕਿ ਉਹ ਵੱਖ ਵੱਖ ਥਾਵਾਂ ਤੇ ਜਾ ਕੇ ਕਾਂਗਰਸੀ ਵਰਕਰਾਂ ਨਾਲ ਤਾਲਮੇਲ ਕਰ ਕੇ ਵਰਕਰਾਂ ਦੀ ਰਾਏ ਅਨੁਸਾਰ ਕਾਂਗਰਸ ਪਾਰਟੀ ਦੇ ਅਹੁਦੇਦਾਰ ਨਿਯੁਕਤ ਕਰਨ ਸਬੰਧੀ ਰਿਪੋਰਟ ਸ੍ਰੀ ਰਾਹੁਲ ਗਾਂਧੀ ਨੂੰ ਸੌਂਪਣਗੇ | ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜੇਕਰ ਵਰਕਰਾਂ ਨੇ ਇੱਕ ਜੋਟ ਹੋ ਕੇ ਆਪਣੀ ਏਕਤਾ ਦਾ ਸਬੂਤ ਨਾ ਦਿੱਤਾ ਤਾਂ ਸੂਬੇ ਵਿਚ ਕਾਂਗਰਸ ਪਾਰਟੀ 10 ਸਾਲ ਵਾਸਤੇ ਹੋਰ ਪਿੱਛੇ ਪੈ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਅਤੇ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ ਇਸ ਵਾਸਤੇ ਵਰਕਰਾਂ ਵਿਚ ਆਪਸੀ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਲੋਕਾਂ ਨਾਲ ਤਾਲਮੇਲ ਵਧਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਉੱਚਾ ਚੁੱਕਣ ਵਾਸਤੇ ਕਿਹੜੀਆਂ ਨੀਤੀਆਂ ਨੂੰ ਅਪਣਾਉਣ ਦੀ ਲੋੜ ਵਾਰੇ ਵੀ ਵਰਕਰਾਂ ਦੀ ਸਲਾਹ ਲਈ ਜਾਵੇਗੀ | ਇਸ ਮੌਕੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਪਿਤਾ ਸ਼੍ਰੀ ਬਲਦੇਵ ਸਿੰਘ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸ਼ੁਭਮ ਸ਼ਰਮਾ ਸੂਭੀ, ਪਰਮਜੀਤ ਸਿੰਘ ਪੰਮੀ ਸੀਬੀਆ, ਹਰਦੀਪ ਸਿੰਘ ਦੌਲਤਪੁਰ, ਟਕਸਾਲੀ ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਸੀਨੀਅਰ ਕਾਂਗਰਸੀ ਆਗੂ ਗੁਰਬਖ਼ਸ਼ ਸਿੰਘ ਗੁੱਡੂ, ਗੁਰਪਿਆਰ ਸਿੰਘ ਧੂਰਾ, ਅੰਮਿ੍ਤ ਬਰਾੜ ਕਾਂਝਲਾ ਬਲਾਕ ਧੂਰੀ ਦੇ ਸ਼ਹਿਰੀ ਪ੍ਰਧਾਨ ਸਤੀਸ਼ ਜਿੰਦਲ, ਲਖਬੀਰ ਸਿੰਘ ਬਮਾਲ , ਮਿੱਠੂ ਲੱਡਾ ਸਰਪੰਚ, ਰਾਕੇਸ਼ ਸਿੰਗਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |