ਛਾਜਲੀ, 27 ਸਤੰਬਰ (ਅਜਾਇਬ ਸਿੰਘ ਨੀਲੋਵਾਲ) - ਪਿੰਡ ਛਾਜਲਾ ਦੇ ਵਾਰਡ ਨੰਬਰ 4 ਦੇ ਨਿਵਾਸੀਆਂ ਨੇ ਪਿੰਡ ਦੀ ਨਾਲੀ ਸਮੱਸਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ | ਨਿਵਾਸੀਆਂ ਨੇ ਦੱਸਿਆ ਕਿ ਲਗਭਗ 30 ਸਾਲ ਪਹਿਲਾਂ ਬਣੇ ਪੁਰਾਣੇ ਨਾਲੇ ਰਾਹੀਂ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਹੋ ਜਾਂਦੀ ਸੀ ਪਰੰਤੂ ਨਗਰ ਪੰਚਾਇਤ ਵਲੋਂ ਨਵੀਂ ਨਾਲੀ ਬਣਾਉਣ ਸਮੇਂ ਇਸ ਨੂੰ ਸੜਕ ਤੋਂ ਉੱਚਾ ਕਰ ਦਿੱਤਾ ਗਿਆ, ਜਿਸ ਨਾਲ ਸੜਕਾਂ 'ਤੇ ਖੜ੍ਹੇ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ | ਨਿਵਾਸੀਆਂ ਮੁਤਾਬਿਕ, ਬਰਸਾਤੀ ਪਾਣੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਆਵਾਜਾਈ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਹਰ ਸਮੇਂ ਬਣਿਆ ਰਹਿੰਦਾ ਹੈ | ਇਸ ਮਾਮਲੇ ਸਬੰਧੀ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਨਾਮ ਹਰਦੀਪ ਸਿੰਘ ਜੋਸ਼ੀ ਨੇ ਮੌਕਾ ਵੇਖਿਆ ਅਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਪਾਣੀ ਦੀ ਨਿਕਾਸੀ ਲਈ ਨਾਲਾ ਬਣਾ ਕੇ ਸਮੱਸਿਆ ਦਾ ਨਿਪਟਾਰਾ ਇਕ ਹਫ਼ਤੇ ਅੰਦਰ ਕਰ ਦਿੱਤਾ ਜਾਵੇਗਾ | ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |