ਅਮਰਗੜ੍ਹ, 28 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਦੇ ਸਹਿਯੋਗ ਨਾਲ ਪ੍ਰੋ. ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਲਾਇਬ੍ਰੇਰੀ ਝੂੰਦਾਂ 'ਚ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਦੇ ਜੀਵਨ ਤੇ ਕਹਾਣੀ ਕਲਾ ਬਾਰੇ ਸੰਵਾਦ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਕੋਆਰਡੀਨੇਟਰ ਜਗਮੇਲ ਸਿੰਘ ਸਿੱਧੂ ਸਨ | ਕਹਾਣੀਕਾਰ ਜਸਵੀਰ ਰਾਣਾ ਨੇ ਪਿੰਡ ਬਨਭੌਰਾ ਵਿਚ ਬਿਤਾਏ ਬਾਈ ਸਾਲਾਂ ਦੇ ਆਧਾਰ 'ਤੇ ਮੋਹਨ ਭੰਡਾਰੀ ਦੀਆਂ ਕਹਾਣੀਆਂ ਦੇ ਪਾਤਰਾਂ, ਘਟਨਾਵਾਂ ਤੇ ਘਟਨਾ-ਸਥਾਨਾਂ ਦੇ ਹਵਾਲੇ ਨਾਲ ਉਸ ਦੀ ਕਹਾਣੀ ਕਲਾ ਬਾਰੇ ਗੱਲਾਂ ਕੀਤੀਆਂ | ਡਾ ਗੁਰਮੀਤ ਕੌਰ ਨੇ ਭੰਡਾਰੀ ਦੀਆਂ ਕਹਾਣੀਆਂ 'ਤੇ ਆਪਣੀ ਪੀ ਐੱਚ ਡੀ ਕਰਨ ਦੇ ਹਵਾਲੇ ਨਾਲ ਉਸ ਦੀ ਕਥਾਕਾਰੀ ਵਿਚ ਮਨੁੱਖ ਦੀ ਪਛਾਣ ਦੇ ਮਸਲੇ ਨੂੰ ਉਭਾਰਿਆ | ਡਾ. ਬਿੰਦਰ ਭੁਮਸੀ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਗੱਲਾਂ ਦੇ ਤੁਲਨਾਤਮਿਕ ਅਧਿਐਨ ਰਾਹੀਂ ਮੋਹਨ ਭੰਡਾਰੀ ਦੇ ਸੁਭਾਅ ਤੇ ਰਚਨਾਕਾਰੀ ਬਾਬਤ ਸੰਵਾਦ ਰਚਾਇਆ | ਉਨ੍ਹਾਂ ਦੀ ਹਮਸਫ਼ਰ ਨਿਰਮਲਾ ਭੰਡਾਰੀ ਨੇ ਅਖ਼ਬਾਰ ਵਿਚ ਛਪੀਆਂ ਉਨ੍ਹਾਂ ਦੀਆਂ ਗੱਲਾਂ ਸਾਂਝੀਆਂ ਕਰ ਕੇ ਆਪਣੇ ਹਮਸਫ਼ਰ ਨੂੰ ਯਾਦ ਕੀਤਾ | ਮੋਹਨ ਭੰਡਾਰੀ ਦੇ ਪੁੱਤਰ ਰਾਹੁਲ ਭੰਡਾਰੀ ਨੇ ਆਪਣੇ ਪਾਪਾ ਬਾਰੇ ਲਿਖੀ ਕਵਿਤਾ 'ਪਾਪਾ ਹਮੇਸ਼ਾ ਜ਼ਿੰਦਾ ਰਹਿਣਗੇ' ਪੜ੍ਹ ਕੇ ਇਕ ਸਾਹਿਤਕਾਰ ਦਾ ਸੱਚਾ ਪੁੱਤ ਹੋਣ ਦਾ ਪ੍ਰਮਾਣ ਪੇਸ਼ ਕੀਤਾ | ਡਾ. ਗੁਰਪ੍ਰੀਤ ਕੌਰ ਢੀਂਡਸਾ ਨੇ ਅੱਖਾਂ ਵਿਚ ਹੰਝੂ ਭਰ ਬਹੁਤ ਹੀ ਸੰਵੇਦਨਸ਼ੀਲ ਅੰਦਾਜ਼ ਵਿਚ ਮੋਹਨ ਭੰਡਾਰੀ ਨੂੰ ਕਹਾਣੀਆਂ ਦਾ ਪਿੰਡ ਆਖ ਕੇ ਸਿਜਦਾ ਕੀਤਾ | ਮੂਲ ਚੰਦ ਸ਼ਰਮਾ ਨੇ ਪੁਰਾਣੀਆਂ ਯਾਦਾਂ ਦੇ ਝਰੋਖੇ ਵਿਚੋਂ ਭੰਡਾਰੀ ਜੀ ਨੂੰ ਯਾਦ ਕੀਤਾ | ਇਸ ਸੰਵਾਦੀ ਸਮਾਗਮ ਵਿਚ ਇਕਬਾਲ ਸਿੰਘ ਝੂੰਦਾਂ, ਮਲਕੀਤ ਸਿੰਘ ਬਿਲਿੰਗ, ਸੁਖਦੀਪ ਬਿਰਧਨੋ, ਡਾ ਜਗਮੋਹਨ ਸਿੰਘ, ਕੰਵਰ ਗੁਰਵਰਿੰਦਰ ਸਿੰਘ, ਸਰਬਜੀਤ ਕੌਰ ਢਿੱਲੋਂ, ਅਵਤਾਰ ਸਿੰਘ ਢਮੋਟ, ਰਵੀ ਝੂੰਦਾਂ, ਜੋਤ ਚੌਂਦਾ, ਸੁਖਵਿੰਦਰ ਸਿੰਘ ਅਟਵਾਲ, ਸੰਜੇ ਅਬਰੋਲ, ਹਰਿੰਦਰ ਬਿੱਟੂ, ਨਾਵਲਕਾਰ ਬਲਦੇਵ ਸਿੰਘ ਭਾਕਰ, ਨਵਨੀਤ ਸਿੰਘ ਨਾਭਾ, ਜਗਤਾਰ ਸਿੰਘ ਸ਼ੇਰਗਿੱਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਅਖੀਰ ਵਿੱਚ ਮੋਹਨ ਭੰਡਾਰੀ ਨਾਲ ਬਿਤਾਏ ਦਿਨਾਂ ਦੇ ਹਵਾਲੇ ਨਾਲ ਉਸ ਦੀਆਂ ਕਹਾਣੀਆਂ ਤੇ ਮੁਲਾਕਾਤਾਂ ਨੂੰ ਯਾਦ ਕਰਦਿਆਂ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਦੇ ਪ੍ਰਧਾਨ ਕਹਾਣੀਕਾਰ ਜਤਿੰਦਰ ਹਾਂਸ ਨੇ ਸਭ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸਿੱਧ ਲੇਖਕ ਬੂਟਾ ਸਿੰਘ ਚੌਹਾਨ ਵੱਲੋਂ ਦਿਲਕਸ਼ ਅੰਦਾਜ਼ ਵਿੱਚ ਨਿਭਾਈ ਗਈ |