ਕੁੱਪ ਕਲਾਂ, 18 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਉਪਦੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਸੋਈ ਵਲੋਂ ਪਿ੍ੰਸੀਪਲ ਅਮਨਦੀਪ ਸਿੰਘ ਦੀ ਅਗਵਾਈ ਹੇਠ ਅੰਗਰੇਜ਼ੀ ਭਾਸ਼ਾ ਦੇ ਇੰਟਰ- ਹਾਊਸ ਸਪੈਲਿੰਨ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ | ਦੂਜੀ, ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੇ ਜਮਾਤ ਪੱਧਰੀ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਮੁਕਾਬਲੇ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ, ਪਹਿਲੇ ਭਾਗ ਵਿਚ ਜਮਾਤ ਪੰਜਵੀਂ ਤੋਂ ਸੱਤਵੀਂ ਅਤੇ ਦੂਜੇ ਭਾਗ ਵਿੱਚ ਜਮਾਤ ਅੱਠਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਸਨ | ਪਹਿਲੇ ਭਾਗ ਵਿਚ ਕਲਪਨਾ ਚਾਵਲਾ (ਗਰੀਨ ਹਾਊਸ), ਡਾ. ਬੀ.ਆਰ ਅੰਬੇਡਕਰ (ਬਲਿਊ ਹਾਊਸ), ਡਾ. ਏ. ਪੀ.ਜੇ. ਅਬਦੁਲ ਕਲਾਮ (ਯੈਲੋ ਹਾਊਸ) ਅਤੇ ਦੂਜੇ ਭਾਗ ਵਿਚ ਕਲਪਨਾ ਚਾਵਲਾ (ਗਰੀਨ ਹਾਊਸ), ਸ਼ਹੀਦ ਭਗਤ ਸਿੰਘ (ਰੈੱਡ ਹਾਊਸ), ਡਾ. ਏ. ਪੀ.ਜੇ.ਅਬਦੁਲ ਕਲਾਮ (ਯੈਲੋ ਹਾਊਸ), ਨੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਵਿਚ ਅੰਗਰੇਜ਼ੀ ਭਾਸ਼ਾ ਦੇ ਗਿਆਨ ਅਤੇ ਰੁਝਾਨ ਨੂੰ ਪ੍ਰੱਫੁਲਿਤ ਕਰਨ ਲਈ ਅਜਿਹੀਆਂ ਗਤੀਵਿਧੀਆਂ ਕਾਰਗਰ ਸਾਬਿਤ ਹੁੰਦੀਆਂ ਹਨ ਜੋ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ | ਉਪਦੇਸ਼ ਸਕੂਲ ਵਲੋਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਹੈ | ਪਿ੍ੰਸੀਪਲ ਨੇ ਦੱਸਿਆ ਕਿ ਬੱਚਿਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਸਕੂਲ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਾਂਗੇ | ਇਸ ਮੌਕੇ 'ਤੇ ਸੰਸਥਾ ਸਰਪ੍ਰਸਤ ਬਲਵਿੰਦਰ ਸਿੰਘ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |