ਸ਼ੇਰਪੁਰ, 19 ਅਕਤੂਬਰ (ਦਰਸ਼ਨ ਸਿੰਘ ਖੇੜੀ) - ਕਸਬਾ ਸ਼ੇਰਪੁਰ ਅੰਦਰ ਇਕ ਵਾਰ ਫਿਰ ਬੁਖ਼ਾਰ ਅਤੇ ਸੈੱਲ ਘਟਣ ਦੀ ਨਾਮੁਰਾਦ ਬਿਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ਆਮ ਲੋਕਾਂ ਵਿਚ ਖੰੂਡ ਚਰਚਾ ਸੀ ਕਿ ਸਿਹਤ ਵਿਭਾਗ ਕੁੰਭਕਰਨ ਦੀ ਨੀਂਦ ਕਿਉਂ ਸੌਂ ਰਿਹਾ ਹੈ | ਡੇਂਗੂ ਦੇ ਦੋ ਸ਼ੱਕੀ ਮਰੀਜ਼ਾਂ ਦੀ ਮੌਤ ਕਾਰਨ ਲੋਕਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ | ਇਸ ਸਹਿਮ ਅਤੇ ਬੇਚੈਨੀ ਨੂੰ ਦੂਰ ਕਰਨ ਲਈ ਨਸ਼ਾ ਰੋਕੂ ਕਮੇਟੀ ਸ਼ੇਰਪੁਰ - ਖੇੜੀ ਦੇ ਨੌਜਵਾਨ ਆਗੂਆਂ ਬਲਵਿੰਦਰ ਸਿੰਘ ਬਿੰਦਾ ਖੇੜੀ ਕਲਾਂ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਦੀ ਅਗਵਾਈ ਹੇਠ ਦੋ ਫੋਗਿੰਗ ਮਸ਼ੀਨਾਂ ਲਿਆ ਕੇ ਕਸਬਾ ਸ਼ੇਰਪੁਰ, ਪੱਤੀ ਖ਼ਲੀਲ ਅਤੇ ਖੇੜੀ ਕਲਾਂ ਵਿਚ ਸਵੇਰੇ ਤੇ ਸ਼ਾਮ ਨੂੰ ਸਪਰੇਅ ਕਰਨੀ ਸ਼ੁਰੂ ਕਰ ਦਿੱਤੀ ਹੈ | ਸਮਾਜ ਸੇਵਾ ਨੂੰ ਸਮਰਪਿਤ ਨਸ਼ਾ ਰੋਕੂ ਕਮੇਟੀ ਜਿਸ ਨੇ ਨਸ਼ੇ ਦੇ ਤਸਕਰਾਂ ਨੂੰ ਰੋਕਣ, ਚੋਰੀਆਂ ਨੂੰ ਠੱਲ੍ਹ ਪਾਉਣ, ਹੜ੍ਹਾਂ ਸਮੇਂ ਆਚਾਰ ਅਤੇ ਰਾਸ਼ਨ ਭੇਜਣ ਵਿਚ ਮਹਾਨ ਸੇਵਾਵਾਂ ਨਿਭਾਈਆਂ ਅਤੇ ਨਸ਼ੇੜੀ ਲੜਕਿਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲਿਜਾ ਕੇ ਉਨ੍ਹਾਂ ਨੂੰ ਚੰਗੇ ਸ਼ਹਿਰੀ ਬਣਾਉਣ ਵਰਗੇ ਅਨਮੋਲ ਕਾਰਜ ਕਰਕੇ ਲੋਕਾਂ ਦੇ ਮਨਾਂ ਵਿਚ ਸਤਿਕਾਰਤ ਥਾਂ ਬਣਾਈ ਹੈ | ਹੁਣ ਇਸ ਕਮੇਟੀ ਦੇ ਨੌਜਵਾਨ ਕਈ ਦਿਨਾਂ ਤੋਂ ਲਗਾਤਾਰ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਫੌਗਿੰਗ ਮਸ਼ੀਨਾਂ ਨਾਲ ਸਪਰੇਅ ਕਰਕੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ | ਜਦੋਂ ਇਸ ਸਬੰਧੀ ਐਸ ਐਮ ਓ ਸ਼ੇਰਪੁਰ ਜਸਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਸਬਾ ਸ਼ੇਰਪੁਰ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਾ ਅਤੇ ਟੈਸਟਇਗ ਕਿਟਾਂ ਮੰਗਵਾਉਣ ਲਈ ਲਿਖਿਆ ਹੈ ਤੇ ਕਸਬੇ ਸ਼ੇਰਪੁਰ ਅੰਦਰ ਫੋਗਿੰਗ ਕਰਵਾ ਰਹੇ ਹਾਂ |