ਅਮਰਗੜ੍ਹ, 19 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਅਮਰਗੜ੍ਹ ਦੇ ਬਾਜ਼ਾਰ 'ਚ ਰੌਣਕ ਵਧ ਗਈ ਹੈ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ | ਡਿਪਟੀ ਕਮਿਸ਼ਨਰ ਮਲੇਰਕੋਟਲਾ ਵਲੋਂ ਸਰਕਾਰੀ ਮਨਜ਼ੂਰੀ ਸਿਰਫ਼ ਇੱਕ ਲਾਇਸੰਸ ਸ਼ੁਦਾ ਪਟਾਕਾ ਵਿਕਰੇਤਾ ਨੂੰ ਦਿੱਤੀ ਗਈ ਹੈ, ਫਿਰ ਵੀ ਬਾਜ਼ਾਰ 'ਚ ਗ਼ੈਰਕਾਨੰੂਨੀ ਤੇ ਖ਼ਤਰਨਾਕ ਪਟਾਕਿਆਂ ਦੀ ਖੁੱਲ੍ਹੇਆਮ ਵਿਕਰੀ ਜਾਰੀ ਹੈ | ਸਥਾਨਕ ਲੋਕਾਂ ਦਾ ਆਰੋਪ ਹੈ ਕਿ ਕਈ ਦੁਕਾਨਾਂ ਦੇ ਬਾਹਰ ਸਟਾਲਾਂ ਲਗਾ ਕੇ ਕੁੱਝ ਲੋਕ ਕਾਨੂੰਨੀ ਪਾਬੰਦੀਆਂ ਨੂੰ ਠੇਸ ਪਹੁੰਚਾਉਂਦੇ ਹੋਏ ਚੀਨੀ ਅਤੇ ਨਾਜਾਇਜ਼ ਪਟਾਕੇ ਬੇਰੋਕ ਵੇਚ ਰਹੇ ਹਨ, ਜੋ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ ਸਗੋਂ ਜਨਤਾ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਵੀ ਹੈ | ਵਾਤਾਵਰਨ ਅਤੇ ਅੱਗ ਬੁਝਾਊ ਵਿਭਾਗ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਸਿਰਫ਼ ਗਰੀਨ ਪਟਾਕਿਆਂ ਦੀ ਵਿਕਰੀ ਜਾਇਜ਼ ਹੈ, ਜੋ ਘੱਟ ਪ੍ਰਦੂਸ਼ਣ ਫੈਲਾਉਂਦੇ ਹਨ ਪਰ ਅਮਰਗੜ੍ਹ ਦੇ ਬਾਜ਼ਾਰਾਂ 'ਚ ਚੀਨੀ ਪਟਾਕੇ ਆਸਾਨੀ ਨਾਲ ਮਿਲ ਰਹੇ ਹਨ, ਜੋ ਅੱਗ ਲੱਗਣ ਦੇ ਜੋਖ਼ਮ ਦੇ ਨਾਲ-ਨਾਲ ਵਾਤਾਵਰਨ ਅਤੇ ਸਿਹਤ ਲਈ ਵੀ ਖ਼ਤਰਨਾਕ ਹਨ | ਜੇਕਰ ਅਗਜਨੀ ਵਰਗੀ ਕੋਈ ਘਟਨਾ ਵਾਪਰੇ ਤਾਂ ਪ੍ਰਸ਼ਾਸਨ ਕੋਲ ਐਮਰਜੈਂਸੀ ਪ੍ਰਬੰਧਾਂ ਦੀ ਘਾਟ ਸਾਫ਼ ਨਜ਼ਰ ਆਉਂਦੀ ਹੈ | ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਗੰਭੀਰ ਮੁੱਦੇ 'ਤੇ ਮੂਕ ਦਰਸ਼ਕ ਬਣਿਆ ਹੋਇਆ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਅਮਰਗੜ੍ਹ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਚਾਹੁਣ ਤਾਂ ਘੰਟਿਆਂ 'ਚ ਇਸ ਗ਼ੈਰਕਾਨੰੂਨੀ ਕਾਰੋਬਾਰ ਨੂੰ ਰੋਕ ਸਕਦੇ ਹਨ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ | ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਾਜਾਇਜ਼ ਪਟਾਕਿਆਂ ਦੀ ਵਿਕਰੀ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ, ਤਾਂ ਜੋ ਸ਼ਹਿਰ ਨੂੰ ਕਿਸੇ ਵੱਡੇ ਹਾਦਸੇ ਤੋਂ ਬਚਾਇਆ ਜਾ ਸਕੇ | ਇਸ ਸਬੰਧੀ ਐਸ.ਡੀ.ਐਮ ਮੈਡਮ ਸੁਰਿੰਦਰ ਕੌਰ ਦਾ ਕਹਿਣਾ ਹੈ ਕੇ ਨਾਜਾਇਜ਼ ਪਟਾਕੇ ਵੇਚਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਉਸ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |