ਮਲੇਰਕੋਟਲਾ, 21 ਅਕਤੂਬਰ (ਸਰੌਦ, ਜੈਨ, ਥਿੰਦ) - ਪੁਲਿਸ ਸ਼ਹੀਦੀ ਦਿਵਸ ਦੇ ਮੌਕੇ ਮਲੇਰਕੋਟਲਾ ਪੁਲਿਸ ਵਲੋਂ ਸਥਾਨਕ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਵਿਖੇ ਸਥਾਪਿਤ ਸ਼ਹੀਦੀ ਸਮਾਰਕ 'ਤੇ ਉਨ੍ਹਾਂ ਸੂਰਬੀਰ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ ਜਿਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਲਈ ਆਪਣਾ ਸਭ ਕੁੱਝ ਨਿਛਾਵਰ ਕਰ ਦਿੱਤਾ | ਸਮਾਗਮ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਵਿਸ਼ਵ ਗੁਪਤਾ, ਸਹਾਇਕ ਕਮਿਸ਼ਨਰ ਕਮ ਐਸ.ਡੀ.ਐਮ. ਅਮਰਗੜ੍ਹ ਰਾਕੇਸ਼ ਗਰਗ,ਐਸ.ਪੀ (ਐੱਚ) ਗੁਰਸ਼ਰਨਜੀਤ ਸਿੰਘ, ਐਸ.ਪੀ (ਡੀ) ਸਤਪਾਲ ਸ਼ਰਮਾ, ਐਸ.ਪੀ ਰਾਜਵਿੰਦਰ ਸਿੰਘ, ਡੀ.ਐਸ.ਪੀ ਮਲੇਰਕੋਟਲਾ ਮਾਨਵਜੀਤ ਸਿੰਘ ਸਿੱਧੂ, ਡੀ.ਐਸ.ਪੀ ਅਹਿਮਦਗੜ੍ਹ ਸੁਖਦੇਵ ਸਿੰਘ, ਡੀ.ਐਸ.ਪੀ ਅਮਰਗੜ੍ਹ ਸੰਜੀਵ ਕਪੂਰ, ਡੀ.ਐਸ.ਪੀ (ਐੱਚ) ਆਤੀਸ਼ ਭਾਟੀਆ, ਡੀ.ਐਸ.ਪੀ (ਡੀ) ਸਤੀਸ਼ ਕੁਮਾਰ, ਡੀ.ਐਸ.ਪੀ ਸਪੈਸ਼ਲ ਬਰਾਂਚ ਰਣਜੀਤ ਸਿੰਘ, ਡੀ.ਐਸ.ਪੀ ਯਾਦਵਿੰਦਰ ਸਿੰਘ ਸਮੇਤ ਸਮੂਹ ਐੱਸ.ਐੱਚ.ਓਜ ਅਤੇ ਇੰਚਾਰਜਾਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਸਮੇਤ ਰਿਟਾਇਰਡ ਪੁਲਿਸ ਅਧਿਕਾਰੀ ਵੀ ਹਾਜ਼ਰ ਰਹੇ | ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਹਿੰਮਤ, ਸੇਵਾ ਤੇ ਸਮਰਪਣ ਦਾ ਪਾਠ ਪੜ੍ਹਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਦਹਾਕਿਆਂ ਤੱਕ ਦਹਿਸ਼ਤਗਰਦੀ ਦਾ ਸਾਹਮਣਾ ਕਰਦਿਆਂ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ | ਇਹ ਕੁਰਬਾਨੀਆਂ ਸਾਡੀ ਰੂਹ ਅਤੇ ਅਸਲੀਅਤ ਦਾ ਹਿੱਸਾ ਹਨ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਸਾਨੂੰ ਹਰ ਸਮੇਂ ਇਹ ਪੇ੍ਰਰਨਾ ਦਿੰਦੀ ਹੈ ਕਿ ਅਸੀਂ ਸਾਡੇ ਦੇਸ਼ ਦੀ ਆਨ, ਬਾਨ ਤੇ ਸ਼ਾਨ ਲਈ ਹਰ ਸਮੇਂ ਤਿਆਰ ਰਹੀਏ | ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਾਰੇ ਮਿਲ ਕੇ ਦੇਸ਼ ਵਿਰੋਧੀ ਅਤੇ ਗ਼ੈਰ ਸਮਾਜਿਕ ਤਾਕਤਾਂ ਦੇ ਮਨਸੂਬੇ ਅਸਫਲ ਕਰੀਏ | ਉਨ੍ਹਾਂ ਕਿਹਾ ਕਿ ਸ਼ਹੀਦ ਸਾਡੇ ਸਮਾਜ ਨੂੰ ਪੇ੍ਰਰਨਾ ਤੇ ਦਿਸ਼ਾ ਪ੍ਰਦਾਨ ਕਰਦੇ ਹਨ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਐਸ.ਐਸ.ਪੀ. ਵਲੋਂ ਜ਼ਿਲ੍ਹੇ ਦੇ 10 ਸ਼ਹੀਦ ਪੁਲਿਸ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ | ਸਮਾਗਮ ਦੌਰਾਨ ਐਸ.ਪੀ. ਹੈੱਡਕੁਆਟਰ ਗੁਰਸ਼ਰਨਜੀਤ ਸਿੰਘ ਵਲੋਂ ਸੰਨ 1959 ਵਿਚ ਲਦਾਖ਼ ਵਿਚ ਚੀਨ ਫ਼ੌਜ ਵਲੋ ਘਾਤ ਲਗਾ ਕੇ ਕੀਤੇ ਹਮਲੇ ਵਿਚ ਸ਼ਹੀਦ ਹੋਏ ਸੈਨਿਕਾਂ ਅਤੇ ਦੇਸ਼ ਭਰ ਦੇ ਸ਼ਹੀਦ ਹੋਏ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਸੂਰਬੀਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਰੋਹ ਦੀ ਸ਼ੁਰੂਆਤ ਡੀ.ਐਸ.ਪੀ. ਹੈੱਡਕੁਆਟਰ ਆਤਿਸ਼ ਭਾਟਿਆਂ ਦੀ ਅਗਵਾਈ ਹੇਠ ਟੁਕੜੀ ਵਲੋਂ ਸਲਾਮੀ ਨਾਲ ਹੋਈ |